ਵਰਲਡ ਕੱਪ ਦੌਰਾਨ ਭਾਰਤ ਵਿਰੁੱਧ ਕੁਮੈਂਟ ਕਰਨ ''ਤੇ ਬੁਰੇ ਫਸੇ ਬਾਸਿਤ, PCB ਨੇ ਕੀਤੀ ਕਾਰਵਾਈ
Thursday, Jul 25, 2019 - 01:19 PM (IST)

ਨਵੀਂ ਦਿੱਲੀ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਦੌਰਾਨ ਭਾਰਤੀ ਕ੍ਰਿਕਟ ਟੀਮ 'ਤੇ ਕੁਮੈਂਟ ਕਰਨ ਵਾਲੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਬਾਸਿਤ ਅਲੀ 'ਤੇ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਕਾਰਵਾਈ ਕੀਤੀ ਹੈ। ਇਕ ਅਖਬਾਰ ਵਿਚ ਛਪੀ ਖਬਰ ਮੁਤਾਬਕ ਪੀ. ਸੀ. ਬੀ. ਨੇ ਬਾਸਿਤ ਅਲੀ ਨੂੰ ਸਾਫ ਕਰ ਦਿੱਤਾ ਹੈ ਕਿ ਅੱਗੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਕੋਚਿੰਗ ਸਟਾਫ 'ਚ ਉਸਦੀ ਜ਼ਰੂਰਤ ਨਹੀਂ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਉਸ ਤੋਂ ਵਰਲਡ ਕੱਪ ਦੌਰਾਨ ਇਸ ਤਰ੍ਹਾਂ ਦੇ ਬੇਬੁਨਿਆਦ ਕੁਮੈਂਟ ਕਰਨ 'ਤੇ ਗੱਲ ਕੀਤੀ ਹੈ। ਉਹ ਪੀ. ਸੀ. ਬੀ. ਦਾ ਕਰਮਚਾਰੀ ਨਹੀਂ ਹੈ ਅਤੇ ਅਸੀਂ ਉਸਦੇ ਸਾਹਮਣੇ ਆਪਣਾ ਪੱਖ ਸਾਫ ਕਰ ਦਿੱਤਾ ਹੈ। ਦੱਸ ਦਈਏ ਕਿ 48 ਸਾਲਾ ਬਾਸਿਤ ਅਲੀ ਪਾਕਿਸਤਾਨ ਦੀ ਜੂਨੀਅਰ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਦਰਅਸਲ ਵਰਲਡ ਕੱਪ ਦੌਰਾਨ ਇਕ ਸਮਾਂ ਅਜਿਹਾ ਆਇਆ ਸੀ ਜਦੋਂ ਪਾਕਿਸਤਾਨ ਮੈਚਾਂ ਵਿਚ ਭਾਰਤ ਦੀ ਜਿੱਤ ਦੀ ਉਮੀਦ ਲਗਾ ਕੇ ਬੈਠਾ ਸੀ। ਅਜਿਹੇ ਸਮੇਂ ਬਾਸਿਤ ਅਲੀ ਨੇ ਕੁਮੈਂਟ ਕੀਤਾ ਸੀ ਕਿ ਭਾਰਤ ਨੇ ਅਜੇ ਤੱਕ ਸਿਰਫ 5 ਮੁਕਾਬਲੇ ਖੇਡੇ ਹਨ ਅਤੇ ਉਹ ਕਦੇ ਨਹੀਂ ਚਾਹੇਗਾ ਕਿ ਪਾਕਿਸਤਾਨ ਕੁਆਲੀਫਾਈ ਕਰੇ। ਭਾਰਤ ਦੇ ਬਚੇ ਹੋਏ ਮੈਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਨਾਲ ਹਨ ਅਤੇ ਸਾਰਿਆਂ ਨੇ ਦੇਖਿਆ ਹੈ ਕਿ ਉਸ ਨੇ ਅਫਗਾਨਿਸਤਾਨ ਖਿਲਾਫ ਕਿਸ ਤਰ੍ਹਾਂ ਨਾਲ ਮੈਚ ਖੇਡਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਉਹ ਮੈਚ ਹਾਰਨ ਲਈ ਖੇਡ ਰਹੇ ਹੋਣ। ਅਫਗਾਨਿਸਤਾਨ ਖਿਲਾਫ ਭਾਰਤ ਨੂੰ ਕੀ ਹੋ ਗਿਆ ਸੀ। ਆਸਟਰੇਲੀਆ ਨੇ ਭਾਰਤ ਖਿਲਾਫ ਕੀ ਕੀਤਾ? ਵਾਰਨਰ ਸਾਹਬ ਇੱਥੇ ਹੀ ਸੀ ਨਾ।