ਖੇਡ ਜਗਤ ਤੋਂ ਬੁਰੀ ਖ਼ਬਰ ਆਈ ਸਾਹਮਣੇ, ਵੱਡੇ ਖਿਡਾਰੀ ਦੀ ਹੋਈ ਮੌਤ
Saturday, Jul 06, 2024 - 04:07 PM (IST)
ਸਪੋਰਟਸ ਡੈਸਕ- ਕੁਝ ਦਿਨ ਪਹਿਲਾਂ ਇਕ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਬੈਡਮਿੰਟਨ ਕੋਰਟ ਵਿੱਚ ਹੀ ਇਕ ਚੀਨੀ ਬੈਡਮਿੰਟਨ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਖਬਰ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ਦੇ ਚੋਟੀ ਦੇ ਸ਼ਤਰੰਜ ਗ੍ਰੈਂਡਮਾਸਟਰ ਦੀ ਖੇਡ ਦੌਰਾਨ ਮੌਤ ਹੋ ਗਈ। ਬੰਗਲਾਦੇਸ਼ ਦੇ ਸਭ ਤੋਂ ਮਸ਼ਹੂਰ ਸ਼ਤਰੰਜ ਗ੍ਰੈਂਡਮਾਸਟਰ ਜ਼ਿਆਊਰ ਰਹਿਮਾਨ ਦਾ ਸ਼ੁੱਕਰਵਾਰ 5 ਜੁਲਾਈ ਨੂੰ 50 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਬੰਗਲਾਦੇਸ਼ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਮੈਚ ਖੇਡਦੇ ਹੋਏ ਜ਼ਿਆਊਰ ਰਹਿਮਾਨ ਦੀ ਮੌਤ ਹੋ ਗਈ ਸੀ।
ਖੇਡ ਦੇ ਵਿਚਾਲੇ ਆਇਆ ਸਟ੍ਰੋਕ
ਬੰਗਲਾਦੇਸ਼ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਗੇਮ ਖੇਡਦੇ ਸਮੇਂ ਜ਼ਿਆਊਰ ਰਹਿਮਾਨ ਨੂੰ ਸਟ੍ਰੋਕ ਆਇਆ ਅਤੇ ਉਹ ਬੋਰਡ 'ਤੇ ਹੀ ਬੇਹੋਸ਼ ਹੋ ਗਏ। ਬੰਗਲਾਦੇਸ਼ ਸ਼ਤਰੰਜ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹਾਬ ਉਦੀਨ ਸ਼ਮੀਮ ਨੇ ਏਐੱਫਪੀ ਨੂੰ ਦੱਸਿਆ ਕਿ ਜ਼ਿਆਊਰ ਆਪਣੇ ਰਾਊਂਡ ਆਫ 12 ਦੇ ਮੈਚ ਵਿੱਚ ਸਾਥੀ ਗ੍ਰੈਂਡਮਾਸਟਰ ਏਨਾਮੁਲ ਹੁਸੈਨ ਵਿਰੁੱਧ ਖੇਡ ਰਹੇ ਸਨ। ਅਚਾਨਕ ਬੇਹੋਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਢਾਕਾ ਦੇ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਮੀਮ ਨੇ ਕਿਹਾ, "ਜਿਵੇਂ ਹੀ ਜ਼ਿਆਊਰ ਡਿੱਗੇ, ਉਥੇ ਮੌਜੂਦ ਖਿਡਾਰੀਆਂ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।"
ਇਨਾਮੁਲ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਕੁਝ ਸਕਿੰਟ ਲੱਗੇ ਕਿ ਜ਼ਿਆਊਰ ਨੂੰ ਸਟ੍ਰੋਕ ਆਇਆ ਹੈ। ਇਨਾਮੁਲ ਨੇ ਕਿਹਾ, "ਉਹ ਖੇਡ ਰਹੇ ਸਨ, ਇਸ ਲਈ ਅਜਿਹਾ ਬਿਲਕੁਲ ਨਹੀਂ ਲੱਗਦਾ ਸੀ ਕਿ ਉਹ ਬੀਮਾਰ ਹਨ। ਉਸ ਸਮੇਂ ਮੇਰੀ ਵਾਰੀ ਸੀ। ਜਦੋਂ ਉਹ ਡਿੱਗੇ ਤਾਂ ਮੈਨੂੰ ਲੱਗਾ ਕਿ ਉਹ ਪਾਣੀ ਦੀ ਬੋਤਲ ਲੈਣ ਲਈ ਹੇਠਾਂ ਝੁਕ ਰਹੇ ਹਨ। ਪਰ ਫਿਰ ਉਹ ਬੇਹੋਸ਼ ਹੋ ਗਏ ਅਤੇ ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ। ਉਨ੍ਹਾਂ ਦੇ ਬੇਟੇ ਉਨ੍ਹਾਂ ਦੇ ਨਾਲ ਦੇ ਮੇਜ਼ 'ਤੇ ਖੇਡ ਰਹੇ ਸਨ।"
ਅਖਿਲ ਭਾਰਤੀ ਸ਼ਤਰੰਜ ਫੈਡਰੇਸ਼ਨ ਦੇ ਪ੍ਰਧਾਨ ਨਿਤਿਨ ਨਾਰੰਗ ਨੇ ਕਿਹਾ- "ਬੰਗਲਾਦੇਸ਼ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਬੰਗਲਾਦੇਸ਼ੀ ਗ੍ਰੈਂਡਮਾਸਟਰ ਜ਼ਿਆਊਰ ਰਹਿਮਾਨ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਇੱਕ ਸਤਿਕਾਰਯੋਗ ਵਿਅਕਤੀ ਸਨ ਅਤੇ ਭਾਰਤੀ ਟੂਰਨਾਮੈਂਟਾਂ ਵਿੱਚ ਅਕਸਰ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਬੰਗਲਾਦੇਸ਼ ਦੇ ਸਮੁੱਚੇ ਸ਼ਤਰੰਜ ਭਾਈਚਾਰੇ ਪ੍ਰਤੀ ਸਾਡੀ ਹਾਰਦਿਕ ਸੰਵੇਦਨਾਵਾਂ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ।"