ਅਜ਼ੀਮ ਰਫ਼ੀਕ ਨੇ ਮੰਗੀ ਮੁਆਫ਼ੀ, ਯਹੂਦੀ ਭਾਈਚਾਰੇ ''ਤੇ ਕੀਤੀ ਸੀ ਨਸਲੀ ਟਿੱਪਣੀ
Friday, Nov 19, 2021 - 07:09 PM (IST)
ਲੰਡਨ- ਯਾਰਕਸ਼ਰ ਦੇ ਸਾਬਕਾ ਖਿਡਾਰੀ ਅਜ਼ੀਮ ਰਫੀਕ ਨੇ 2011 'ਚ ਯਹੂਦੀਆਂ ਖ਼ਿਲਾਫ਼ ਨਸਲਵਾਦੀ ਭਾਸ਼ਾ ਦੀ ਵਰਤੋਂ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਕ ਹੋਰ ਕ੍ਰਿਕਟਰ ਨੂੰ ਇਸ ਤਰ੍ਹਾਂ ਦੇ ਸੰਦੇਸ਼ ਭੇਜਣ ਲਈ ਮੈਂ ਸ਼ਰਮਸਾਰ ਹਾਂ। ਯਾਰਕਸ਼ਾਇਰ ਲਈ ਖੇਡਦੇ ਹੋਏ ਸੰਸਥਾਗਤ ਨਸਲਵਾਦ ਦੇ ਦੋਸ਼ ਲਾਉਣ ਵਾਲੇ ਰਫੀਕ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ 19 ਸਾਲ ਦੀ ਉਮਰ 'ਚ ਉਨ੍ਹਾਂ ਨੇ ਯਹੂਦੀਆਂ ਖ਼ਿਲਾਫ਼ ਨਸਲਵਾਦੀ ਮੈਸੇਜ਼ ਭੇਜੇ ਸਨ।
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਮੈਨੂੰ ਅੱਜ 2011 ਦੇ ਇਕ ਮੈਸੇਜ ਦੀ ਤਸਵੀਰ ਭੇਜੀ ਗਈ ਹੈ। ਮੈਂ ਆਪਣਾ ਅਕਾਊਂਟ ਚੈੱਕ ਕੀਤਾ ਤੇ ਇਹ ਮੈਂ ਹੀ ਹਾਂ। ਮੇਰੇ ਕੋਲ ਕੋਈ ਬਹਾਨਾ ਨਹੀਂ ਹੈ। ਮੈਂ ਇਸ 'ਤੇ ਸ਼ਰਮਿੰਦਾ ਹਾਂ ਤੇ ਹੁਣ ਮੈਂ ਇਸ ਨੂੰ ਡਿਲੀਟ ਕਰ ਦਿੱਤਾ ਹੈ। ਮੈਂ ਉਸ ਸਮੇਂ 19 ਸਾਲਾਂ ਦਾ ਸੀ ਤੇ ਹੁਣ ਬਦਲ ਚੁੱਕਾ ਹਾਂ।
ਰਫੀਕ ਤੇ ਵਾਰਵਿਕਸ਼ਾਇਰ ਤੇ ਲੀਸੇਸਟਰ ਦੇ ਸਾਬਕਾ ਖਿਡਾਰੀ ਅਤੀਕ ਜਾਵੇਦ ਦਰਮਿਆਨ ਫੇਸਬੁੱਕ ਮੈਸੇਜ ਸਭ ਤੋਂ ਪਹਿਲਾਂ 'ਦਿ ਟਾਈਮਸ' 'ਚ ਪ੍ਰਕਾਸ਼ਿਤ ਹੋਏ। ਇਹ ਇਕ ਅਨਜਾਣ ਯਹੂਦੀ ਦੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਤੋਂ ਖ਼ਫ਼ਾ ਹਾਂ ਤੇ ਯਹੂਦੀ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ। ਮੈਂ ਆਪਣਾ ਬਚਾਅ ਨਹੀਂ ਕਰ ਰਿਹਾ ਤੇ ਜਿਸ ਨੂੰ ਵੀ ਢਾਹ ਲੱਗੀ ਹੈ, ਮੈਂ ਉਸ ਤੋਂ ਮੁਆਫ਼ੀ ਮੰਗਦਾ ਹਾਂ।