ਕਪਤਾਨ ਬਾਬਰ ਆਜ਼ਮ ਤੇ ਸ਼ਾਹੀਨ ਅਫਰੀਦੀ ਵਿਚਾਲੇ ਮਤਭੇਦ ''ਤੇ ਅਜ਼ਹਰ ਮਹਿਮੂਦ ਨੇ ਦਿੱਤਾ ਇਹ ਬਿਆਨ

Tuesday, Jun 11, 2024 - 08:26 PM (IST)

ਕਪਤਾਨ ਬਾਬਰ ਆਜ਼ਮ ਤੇ ਸ਼ਾਹੀਨ ਅਫਰੀਦੀ ਵਿਚਾਲੇ ਮਤਭੇਦ ''ਤੇ ਅਜ਼ਹਰ ਮਹਿਮੂਦ ਨੇ ਦਿੱਤਾ ਇਹ ਬਿਆਨ

ਨਿਊਯਾਰਕ, (ਭਾਸ਼ਾ)–ਪਾਕਿਸਤਾਨ ਕ੍ਰਿਕਟ ਟੀਮ ਦੇ ਸਹਾਇਕ ਕੋਚ ਅਜ਼ਹਰ ਮਹਿਮੂਦ ਨੇ ਕਪਤਾਨ ਬਾਬਰ ਆਜ਼ਮ ਤੇ ਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਵਿਚਾਲੇ ਮਤਭੇਦ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹਾਲ ਵਿਚ ਸਾਬਕਾ ਕਪਤਾਨ ਵਸੀਮ ਅਕਰਮ ਦਾ ਦੋਵਾਂ ਵਿਚਾਲੇ ਗੱਲਬਾਤ ਨਾ ਹੋਣ ਦੀ ਗੱਲ ਕਹਿਣਾ ਗਲਤ ਹੈ। ਮਹਿਮੂਦ ਨੇ ਉਨ੍ਹਾਂ ਲੋਕਾਂ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਜਿਹੜੇ ਮੰਨਦੇ ਹਨ ਕਿ ਖਿਡਾਰੀਆਂ ਲਈ ਕ੍ਰਿਕਟ ਤੋਂ ਇਲਾਵਾ ਬਾਹਰ ਕੋਈ ਜ਼ਿੰਦਗੀ ਨਹੀਂ ਹੋਣੀ ਚਾਹੀਦੀ ਤੇ ਉਸ ਨੂੰ ਭਾਰਤ ਵਿਰੁੱਧ ਮਿਲੀ ਹਾਰ ਦੇ ਬਾਰੇ ਵਿਚ ਸੋਚਦੇ ਹੋਏ ਆਪਣੇ ਹੋਟਲ ਦੇ ਕਮਰਿਆਂ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਪਾਕਿਸਤਾਨ ਟੀਮ ਵਿਚ ਦੋ ਧੜੇ ਹਨ,ਜਿਨ੍ਹਾਂ ਵਿਚ ਇਕ ਦੀ ਅਗਵਾਈ ਕਪਤਾਨ ਬਾਬਰ ਕਰਦਾ ਹੈ ਜਦਕਿ ਦੂਜਾ ਧੜੇ ਦੀ ਅਗਵਾਈ ਸ਼ਾਹੀਨ ਕਰਦਾ ਹੈ। ਪਾਕਿਸਤਾਨੀ ਟੀਮ ਭਾਰਤ ਵਿਰੁੱਧ ਮੈਚ ਵਿਚ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਸਫਲ ਰਹੀ ਸੀ ਤੇ 6 ਦੌੜਾਂ ਨਾਲ ਹਾਰ ਗਈ ਸੀ।

ਮਹਿਮੂਦ ਨੇ ਇਸ ਹਾਰ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਵਸੀਮ ਨੇ ਅਜਿਹਾ ਕਿਹਾ ਹੋਵੇਗਾ ਪਰ ਮੈਨੂੰ ਨਹੀਂ ਪਤਾ। ਮੈਂ ਅਜਿਹਾ ਕੁਝ ਨਹੀਂ ਦੇਖਿਆ। ਸ਼ਾਹੀਨ ਤੇ ਬਾਬਰ ਨਿਸ਼ਚਿਤ ਰੂਪ ਨਾਲ ਇਕ-ਦੂਜੇ ਨਾਲ ਗੱਲ ਕਰ ਰਹੇ ਹਨ, ਉਹ ਚੰਗੇ ਦੋਸਤ ਹਨ। ਉਹ ਦੋਵੇਂ ਪਾਕਿਸਤਾਨ ਟੀਮ ਦਾ ਹਿੱਸਾ ਹਨ। ਅਸੀਂ ਕਿਸੇ ਦੀ ਵੀ ਵਜ੍ਹਾ ਨਾਲ ਨਹੀਂ ਹਾਰੇ ਸਗੋਂ ਇਹ ਸਾਡੀ ਗਲਤੀ ਸੀ।’’  ਜਦੋਂ ਉਸ ਤੋਂ ਪੁੱਛਿਆ ਗਿਆ ਕਿ ਖਿਡਾਰੀ ਮੀਡੀਆ ਨਾਲ ਗੱਲ ਕਰਨ ਲਈ ਪ੍ਰੈੱਸ ਕਾਨਫਰੰਸ ਵਿਚ ਕਿਉਂ ਨਹੀਂ ਆ ਰਹੇ ਤਾਂ ਮਹਿਮੂਦ ਨੇ ਕਿਹਾ ਕਿ ਜੇਕਰ ਹਾਰ ਲਈ ਜਵਾਬਦੇਹ ਹੋਣ ਦੀ ਗੱਲ ਹੈ ਤਾਂ ਸਹਿਯੋਗੀ ਸਟਾਫ ਵੀ ਬਰਾਬਰ ਜ਼ਿੰਮੇਵਾਰੀ ਲੈਂਦਾ ਹੈ। ਉਸ ਨੇ ਕਿਹਾ, ‘‘ਅਸੀਂ ਕਿਸੇ ਵੀ ਖਿਡਾਰੀ ਨੂੰ ਨਹੀਂ ਛੁਪਾ ਰਹੇ ਹਾਂ। ਹਰ ਕੋਈ ਉੱਥੇ ਹੈ। ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਇਕ ਟੀਮ ਹਾਂ। ਜ਼ਾਹਿਰ ਹੈ, ਅਸੀਂ ਇੱਥੇ ਬੈਠੇ ਹਾਂ ਤੇ ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਪ੍ਰਦਰਸ਼ਨ ਨਹੀਂ ਕਰ ਰਹੇ ਹਾਂ। ਇਸ ਲਈ ਮੈਂ ਇੱਥੇ ਬੈਠਾ ਹਾਂ।’’ ਉਸ ਨੇ ਕਿਹਾ, ‘‘ਕੱਲ, ਗੈਰੀ ਕਰਸਟਨ ਇੱਥੇ ਸੀ, ਇਸ ਲਈ ਨਿਸ਼ਚਿਤ ਰੂਪ ਨਾਲ ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ਖਿਡਾਰੀ ਨੂੰ ਛੁਪਾ ਰਹੇ ਹਾਂ। ਉਹ ਸਾਡੀ ਟੀਮ ਦਾ ਹਿੱਸਾ ਹਨ।’’

ਮਹਿਮੂਦ ਦੇ ਨਾਲ ਮੁੱਖ ਚੋਣਕਾਰ ਵਹਾਬ ਰਿਆਜ਼ ਤੇ ਕਪਤਾਨ ਬਾਬਰ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਇੱਥੋਂ ਦੇ ਇਕ ਰੈਸਟੋਰੈਂਟ ਵਿਚ ਡਿਨਰ ਲਈ ਮੌਜੂਦ ਸਨ। ਇਸ ਨਾਲ ਖੇਡ ਪ੍ਰਸ਼ੰਸਕਾਂ ਨੇ ਕਾਫੀ ਨਾਰਾਜ਼ਗੀ ਜਤਾਈ। ਪਾਕਿਸਤਾਨ ਦੇ ਪੱਤਰਕਾਰ ਨੇ ਜਦੋਂ ਇਹ ਸਵਾਲ ਪੁੱਛਿਆ ਤਾਂ ਮਹਿਮੂਦ ਨੇ ਕਿਹਾ,‘‘ਤੁਸੀਂ ਉੱਥੇ ਸੀ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਤੁਸੀਂ ਉੱਥੇ ਸੀ। ਮੈਂ ਤੁਹਾਨੂੰ ਵੀ ਉੱਥੇ ਦੇਖਿਆ ਸੀ।’’ਉਸ ਨੇ ਕਿਹਾ,‘‘ਗੱਲ ਇਹ ਹੈ ਕਿ ਅਸੀਂ ਬਹੁਤ ਭਾਵੁਕ ਹਾਂ। ਮੇਰਾ ਮਤਲਬ ਹੈ ਕਿ ਅਜਿਹਾ ਨਹੀਂ ਹੁੰਦਾ ਕਿ ਜੇਕਰ ਤੁਸੀਂ ਇਕ ਮੈਚ ਹਾਰ ਗਏ ਤਾਂ ਤੁਹਾਡੀ ਜ਼ਿੰਦਗੀ ਖਤਮ ਹੋ ਜਾਵੇਗੀ। ਤੁਸੀਂ ਅਜਿਹਾ ਕਿਵੇਂ ਕਰੋਗੇ? ਜੇਕਰ ਤੁਸੀਂ ਇਕ ਮੈਚ ਹਾਰ ਗਏ ਤੇ ਫਿਰ ਤੁਸੀਂ ਕਮਰੇ ਵਿਚ ਆ ਕੇ ਨਿਰਾਸ਼ ਰਹੋ ਤਾਂ ਤੁਹਾਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੈ।’’ਮਹਿਮੂਦ ਨੇ ਕਿਹਾ, ‘‘ਹੁਣ ਨਿਸ਼ਚਿਤ ਰੂਪ ਨਾਲ ਸਾਡੇ ਖਿਡਾਰੀ ਅਜਿਹੇ ਨਹੀਂ ਹਨ। ਮੈਂ ਵੀ ਇੰਗਲੈਂਡ ਦੀ ਟੀਮ ਦੇ ਨਾਲ ਰਿਹਾ ਹਾਂ। ਜੇਕਰ ਉਹ ਅਜਿਹੀ ਜਗ੍ਹਾ ਜਾਂਦੇ ਹਨ ਤਾਂ ਉੱਥੇ ਸਿਰਫ ਖਾਣ ਲਈ ਜਾ ਸਕਦੇ ਹਾਂ।’’


author

Tarsem Singh

Content Editor

Related News