ਪੈਰਾਲੰਪਿਕ ਜੇਤੂਆਂ ਦਾ ਭਾਰਤ ਪੁੱਜਣ ’ਤੇ ਅਵਿਨਾਸ਼ ਰਾਏ ਖੰਨਾ ਵੱਲੋਂ ਸੁਆਗਤ, ਕਿਹਾ-19 ਤਮਗੇ ਜਿੱਤ ਸਿਰਜਿਆ ਇਤਿਹਾਸ
Tuesday, Sep 07, 2021 - 01:05 PM (IST)
ਹੁਸ਼ਿਆਰਪੁਰ (ਜੈਨ)- ਭਾਜਪਾ ਪੰਜਾਬ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਇੰਡੀਅਨ ਪੈਰਾਲੰਪਿਕ ਕਮੇਟੀ ਦੇ ਚੀਫ ਪੈਟਰਨ ਅਵਿਨਾਸ਼ ਰਾਏ ਖੰਨਾ ਨੇ ਟੋਕੀਓ ਵਿਚ ਹੋਈਆਂ ਪੈਰਾਲੰਪਿਕ ਖੇਡਾਂ ਵਿਚ ਭਾਰਤ ਲਈ ਤਮਗੇ ਜਿੱਤਣ ਵਾਲੇ ਪੈਰਾਲੰਪਿਕ ਖਿਡਾਰੀਆਂ ਜੈਵਲਿਨ ਥਰੋ ਖਿਡਾਰੀ ਸੁਰਿੰਦਰ ਸਿੰਘ ਗੁੱਜਰ, ਟੇਬਲ ਟੈਨਿਸ ਖਿਡਾਰੀ ਭਾਵਨਾ ਬੇਨ ਪਟੇਲ ਅਤੇ ਸੋਨਲ ਬੇਨ ਪਟੇਲ ਦਾ ਭਾਰਤ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਂਸਦ ਕ੍ਰਿਸ਼ਨ ਕਪੂਰ ਵੀ ਮੌਜੂਦ ਸਨ।
ਸ਼੍ਰੀ ਖੰਨਾ ਨੇ ਕਿਹਾ ਕਿ ਪੈਰਾਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੁੱਲ 19 ਤਮਗੇ ਭਾਰਤ ਦੇ ਨਾਂ ਕੀਤੇ ਹਨ। ਜਿਨ੍ਹਾਂ ਦੀ ਸਖਤ ਮਿਹਨਤ ਅਤੇ ਭਾਰਤ ਸਰਕਾਰ ਦੀ ਚੰਗੀ ਖੇਡ ਨੀਤੀ ਕਾਰਨ ਅੱਜ ਸਪੋਰਟਸ ਦੇ ਖੇਤਰ ਵਿਚ ਭਾਰਤ ਦਾ ਨਾਂ ਮੋਹਰੀ ਦੇਸ਼ਾਂ ਵਿਚ ਸ਼ਾਮਲ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਖਿਡਾਰੀਆਂ ਦਾ ਮਨੋਬਲ ਵਧਾਈ ਰੱਖਿਆ, ਜਿਸ ਕਾਰਨ ਅੱਜ ਭਾਰਤੀ ਖਿਡਾਰੀਆਂ ਨੇ ਤਮਗੇ ਹਾਸਲ ਕੀਤੇ।
ਸ਼੍ਰੀ ਖੰਨਾ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੇ ਪੈਰਾਲੰਪਿਕ ਐਥਲੀਟ ਨਿਸ਼ਾਦ ਕੁਮਾਰ ਨੂੰ ਟੋਕੀਓ ਪੈਰਾਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦੇ ਐਲਾਨ ਦਾ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਰਾਜਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੈਰਾਲੰਪਿਕ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਐਲਾਨ ਕੀਤੇ ਹਨ। ਵਰਣਨਯੋਗ ਹੈ ਕਿ ਸ਼੍ਰੀ ਖੰਨਾ ਨੇ ਭਾਰਤ ਦੇ ਸਾਰੇ ਰਾਜਾਂ ਨੂੰ ਪੈਰਾਲੰਪਿਕ ਖਿਡਾਰੀਆਂ ਨੂੰ ਇਨਾਮ ਦੇਣ, ਸਰਕਾਰੀ ਨੌਕਰੀ ਦੇਣ ਅਤੇ ਉਲਿੰਪਕ ਖਿਡਾਰੀਆਂ ਵਾਂਗ ਸਹੂਲਤਾਂ ਦੇਣ ਲਈ ਪੱਤਰ ਲਿਖੇ ਸਨ। ਇਸ ਮੌਕੇ ਅਸ਼ੋਕ ਬੇਦੀ ਵੀ ਮੌਜੂਦ ਸਨ।