ਹੈਰਾਨ ਕਰਨ ਵਾਲੇ ਤੇ ਵੱਡੇ ਬਦਲਾਅ ਲੈ ਕੇ ਆਇਆ ਆਸਟ੍ਰੇਲੀਅਨ ਓਪਨ

01/31/2018 1:36:28 AM

ਜਲੰਧਰ— 2018 ਦਾ ਆਸਟ੍ਰੇਲੀਅਨ ਓਪਨ ਦੋ ਕਾਰਨਾਂ ਕਰਕੇ ਯਾਦ ਕੀਤਾ ਜਾਵੇਗਾ। ਇਕ ਧਾਕੜ ਖਿਡਾਰੀ ਬਾਹਰ ਹੋਏ, ਦੂਜਾ ਨਵੇਂ ਖਿਡਾਰੀਆਂ ਨੇ ਹੈਰਾਨ ਕੀਤਾ। ਉਂਝ ਵੀ ਟੂਰਨਾਮੈਂਟ ਦੀ ਸ਼ੁਰੂਆਤ ਹੀ ਚੈਂਪੀਅਨ ਖਿਡਾਰੀਆਂ ਤੋਂ ਬਿਨਾਂ ਹੋਈ ਸੀ। ਬ੍ਰਿਟੇਨ ਦਾ ਐਂਡੀ ਮਰੇ ਚੂਲੇ ਦੀ ਸੱਟ ਕਾਰਨ ਤੇ ਅਮਰੀਕਾ ਦੀ ਸੇਰੇਨਾ ਵਿਲੀਅਮਸ ਜਿਸ ਨੇ ਕੁਝ ਮਹੀਨੇ ਪਹਿਲਾਂ ਹੀ ਇਕ ਬੇਟੀ ਨੂੰ ਜਨਮ ਦਿੱਤਾ ਸੀ, ਟੂਰਨਾਮੈਂਟ 'ਚ ਨਹੀਂ ਖੇਡੇ।
ਦੂਜੇ ਪਾਸੇ ਦਿਮਿਤ੍ਰੋਵ, ਨੋਵਾਕ ਜੋਕੋਵਿਚ, ਰਾਫੇਲ ਨਡਾਲ ਤੇ ਸਟੇਨਿਸਲਾਸ ਵਾਵਰਿੰਕਾ ਉਲਟਫੇਰ ਦਾ ਸ਼ਿਕਾਰ ਹੋ ਗਏ। ਡਰੱਗ ਕੇਸ 'ਚ ਪਾਬੰਦੀ ਝੱਲ ਕੇ ਪਰਤੀ ਰੂਸੀ ਸਟਾਰ ਮਾਰੀਆ ਸ਼ਾਰਾਪੋਵਾ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਪਰ ਉਹ ਵੀ ਐਂਜੇਲਿਕ ਕਰਬਰ ਤੋਂ ਹਾਰ ਕੇ ਬਾਹਰ ਹੋ ਗਈ।
ਆਸਟ੍ਰੇਲੀਆ ਦੀ ਤਪਦੀ ਗਰਮੀ ਤੋਂ ਵੀ ਸਟਾਰ ਖਿਡਾਰੀ ਪ੍ਰੇਸ਼ਾਨ ਦਿਸੇ। ਜੋਕੋਵਿਚ, ਫੈਡਰਰ, ਹਾਲੇਪ ਨੂੰ ਕੋਰਟ 'ਤੇ ਖੂਬ ਪਸੀਨਾ ਵਹਾਉਣਾ ਪਿਆ। ਅੰਤ 'ਚ ਕੈਰੋਲਿਨਾ ਵੋਜਨਿਆਕੀ ਦਾ ਨੰਬਰ ਵਨ ਸਿਮੋਨਾ ਹਾਲੇਪ ਨੂੰ ਹਰਾਉਣਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਪੂਰੇ ਟੂਰਨਾਮੈਂਟ ਦੌਰਾਨ ਵੱਡੇ ਬਦਲਾਅ ਤੇ ਵਿਰੋਧ ਦੇਖਣ ਨੂੰ ਮਿਲਿਆ ਪਰ ਇਕ ਵੱਡਾ ਸਵਾਲ ਵੀ ਸਾਹਮਣੇ ਆਇਆ ਕਿ ਕੀ ਵਧਦੀ ਗਰਮੀ ਕਾਰਨ ਮੈਚ ਰੱਦ ਕਰਨਾ ਚਾਹੀਦਾ ਹੈ।
ਕੇਲੇ ਨਹੀਂ ਮਿਲੇ ਤਾਂ ਕੋਕੋ ਨੇ ਮੈਚ ਰੋਕਿਆ
ਅਮਰੀਕਾ ਦੀ ਪ੍ਰੋਫੈਸ਼ਨਲ ਟੈਨਿਸ ਖਿਡਾਰਨ ਕੋਕੋ ਵੰਦੇਵੇਹੇ ਤੇ ਹੰਗਰੀ ਦੀ ਬਾਬੋਸ ਵਿਚਾਲੇ ਮੈਚ ਚੱਲ ਰਿਹਾ ਸੀ। ਅਚਾਨਕ ਕੋਕੋ ਅੰਪਾਇਰ ਕੋਲ ਗਈ ਤੇ ਕਿਹਾ ਕਿ ਮੇਰੇ ਡੈਸਕ 'ਤੇ ਰਿਫਰੈੱਸ਼ਮੈਂਟ  ਦੇ ਰੂਪ ਵਿਚ ਕੇਲੇ ਨਹੀਂ ਹਨ। ਇਹ ਮੇਰੀ ਗਲਤੀ ਨਹੀਂ ਹੈ। ਜਲਦੀ ਪ੍ਰਬੰਧ ਕਰਾਓ। ਅੰਪਾਇਰ ਨੇ ਕੋਕੋ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਕੋਕੋ ਨੇ ਕਿਹਾ—ਮੈਂ ਆਪਣੇ ਆਪ ਨੂੰ ਸਹਿਜ ਮਹਿਸੂਸ ਨਹੀਂ ਕਰ ਰਹੀ। ਮੈਨੂੰ ਇਹ ਚਾਹੀਦੇ ਹਨ। ਇਹ ਮੇਰੀ ਗਲਤੀ ਨਹੀਂ ਹੈ। ਮੈਚ ਦੌਰਾਨ ਕੋਕੋ ਨੇ ਬਾਬੋਸ ਦੇ ਵਤੀਰੇ 'ਤੇ ਵੀ ਸਵਾਲ ਉਠਾਇਆ ਸੀ, ਜਿਸ ਨੂੰ ਬਾਬੋਸ ਨੇ ਰੱਦ ਕਰ ਦਿੱਤਾ ਸੀ।
ਡ੍ਰੈੱਸ ਨਾਲ ਮਚਿਆ ਘਮਾਸਾਨ
ਮਹਿਲਾ ਟੈਨਿਸ ਵਿਚ ਨੰਬਰ ਵਨ ਸਿਮੋਨਾ ਹਾਲੇਪ ਨੇ ਸੈਮੀਫਾਈਨਲ ਮੈਚ 'ਚ ਜਿਹੜੀ ਡ੍ਰੈੱਸ ਪਹਿਨੀ ਸੀ, ਉਸ 'ਤੇ ਕਿਸੇ ਸਪਾਂਸਰ ਦਾ ਨਾਂ ਨਹੀਂ ਸੀ। ਲੋਕ ਹੈਰਾਨ ਸਨ ਕਿ ਟਾਪ ਸੀਡ ਹਾਲੇਪ ਨੂੰ ਕੋਈ ਸਪਾਂਸਰ ਨਹੀਂ ਮਿਲਿਆ। ਸੋਸ਼ਲ ਮੀਡੀਆ 'ਤੇ ਵੀ ਇਸ ਸਬੰਧੀ ਕਈ ਕੁਮੈਂਟ ਆਏ। ਇਕ ਨੇ ਲਿਖਿਆ—ਟਾਪ ਸੀਡ ਹੋਣ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਸਪਾਂਸਰ ਵੀ ਨਾ ਮਿਲੇ।
ਤਾਪਮਾਨ ਪਹੁੰਚਿਆ '69' ਡਿਗਰੀ!
ਮੈਲਬੋਰਨ ਪਾਰਕ ਵਿਚ ਨੋਵਾਕ ਜੋਕੋਵਿਚ ਤੇ ਗਾਏਲ ਮੋਂਫਿਲਸ ਵਿਚਾਲੇ ਮੈਚ ਚੱਲ ਰਿਹਾ ਸੀ। ਤਾਪਮਾਨ ਵੱਧ ਹੋਣ ਕਾਰਨ ਮੋਂਫਿਲਸ ਵਾਰ-ਵਾਰ ਆਈਸ ਕਿਊਬ ਇਸਤੇਮਾਲ ਕਰ ਰਿਹਾ ਸੀ। ਉਥੇ ਹੀ ਜੋਕੋਵਿਚ ਵੀ ਠੰਡਾ ਤੌਲੀਆ ਲਪੇਟਦਾ ਦਿਸਿਆ। ਮੋਂਫਿਲਸ ਮੈਚ ਦੌਰਾਨ ਹੀ ਅੰਪਾਇਰ ਤੋਂ ਸਰਵਿਸ ਲਈ 25 ਸੈਕੰਡ ਤੋਂ ਵੱਧ ਸਮਾਂ ਦੇਣ ਦੀ ਮੰਗ ਕਰਦਾ ਰਿਹਾ। ਦਰਅਸਲ, ਮੈਚ ਵਾਲੇ ਦਿਨ ਮੈਲਬੋਰਨ ਵਿਚ 40 ਡਿਗਰੀ ਦੇ ਨੇੜੇ-ਤੇੜੇ ਤਾਪਮਾਨ ਸੀ ਪਰ ਟੈਨਿਸ ਕੋਰਟ 'ਤੇ ਲੋਕਾਂ ਦੀ ਮੌਜੂਦਗੀ ਕਾਰਨ ਕੋਰਟ 'ਤੇ ਲੱਗੇ ਥਰਮਾਮੀਟਰ 'ਤੇ ਉਸ ਦਿਨ ਤਾਪਮਾਨ 69 ਡਿਗਰੀ ਦਿਸ ਰਿਹਾ ਸੀ, ਜਿਸ ਤੋਂ ਮੋਂਫਿਲਸ ਪ੍ਰੇਸ਼ਾਨ ਹੋ ਗਿਆ।


Related News