ਆਸਟ੍ਰੇਲੀਆਈ ਓਪਨ : ਬੇਲਾਰੂਸ ਦੀ ਸਬਾਲੇਂਕਾ ਨੇ ਜਿੱਤਿਆ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ
Sunday, Jan 29, 2023 - 03:25 PM (IST)
ਮੈਲਬੋਰਨ- ਬੇਲਾਰੂਸ ਦੀ ਏਰੀਨਾ ਸਬਾਲੇਂਕਾ ਨੇ ਸ਼ਨੀਵਾਰ ਨੂੰ ਆਸਟ੍ਰੇਲੀਆਈ ਓਪਨ ਦੇ ਸਾਹ ਰੋਕ ਦੇਣ ਵਾਲੇ ਫਾਈਨਲ ਵਿਚ ਕਜਾਕਿਸਤਾਨ ਦੀ ਏਲੀਨਾ ਰਿਬਾਕੀਨਾ ਨੂੰ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਰਾਡ ਲੈਵਰ ਏਰੀਨਾ ’ਤੇ ਢਾਈ ਘੰਟਿਆਂ ਤੋਂ ਵੱਧ ਚੱਲੇ ਮਹਿਲਾ ਸਿੰਗਲਜ਼ ਮੁਕਾਬਲੇ ’ਚ ਸਬਾਲੇਂਕਾ ਨੇ ਬੀਤੇ ਵਿੰਬਲਡਨ ਚੈਂਪੀਅਨ ਰਿਬਾਕੀਨਾ ਨੂੰ 4-6, 6-3, 6-4 ਨਾਲ ਹਰਾਇਆ।
ਪਹਿਲਾ ਸੈੱਟ ਹਾਰਨ ਤੋਂ ਬਾਅਦ ਸਬਾਲੇਂਕਾ ਨੇ ਮੁਕਾਬਲੇ ’ਚ ਸ਼ਾਨਦਾਰ ਵਾਪਸੀ ਕੀਤੀ ਅਤੇ ਮਜ਼ਬੂਤ ਫੋਰਹੈਂਡ ਨਾਲ ਖੇਡਦੇ ਹੋਏ ਰਿਬਾਕੀਨਾ ਦੀਆਂ ਮੁਸ਼ਕਲਾਂ ਵਧਾਈਆਂ। ਸਬਾਲੇਂਕਾ ਨੇ ਤੀਜੇ ਸੈੱਟ ਵਿਚ 5-4 ਦੀ ਬੜ੍ਹਤ ਲੈਣ ਤੋਂ ਬਾਅਦ 40-30 ’ਤੇ ਮੈਚ ਅੰਕ ਹਾਸਲ ਕਰ ਲਿਆ। ਰਿਬਾਕੀਨਾ ਗੇਮ ਨੂੰ 40-40 ਦੀ ਬਰਾਬਰੀ ’ਤੇ ਲਿਆਈ ਪਰ ਇਸ ਨਾਲ ਉਹ ਸਬਾਲੇਂਕਾ ਦੀ ਯਾਦਗਾਰ ਜਿੱਤ ਨੂੰ ਕੁਝ ਦੇਰ ਲਈ ਹੀ ਟਾਲ ਸਕੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਹਾਕੀ ਫਾਈਨਲ : ਜਰਮਨੀ ਦੇ ਜਜ਼ਬੇ ਤੋਂ ਬੈਲਜੀਅਮ ਨੂੰ ਰਹਿਣਾ ਹੋਵੇਗਾ ਚੌਕਸ
ਸਬਾਲੇਂਕਾ ਨੇ ਪਹਿਲੀ ਵਾਰ ਆਸਟ੍ਰੇਲੀਆਈ ਓਪਨ ਅਤੇ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਦੇ ਕਰੀਅਰ ਦਾ ਸਰਸ੍ਰੇਸ਼ਠ ਪ੍ਰਦਰਸ਼ਨ ਵਿੰਬਲਡਨ (2021) ਅਤੇ ਯੂ. ਐੱਸ. ਓਪਨ (2021, 2022) ’ਚ ਆਇਆ, ਜਿੱਥੇ ਉਸ ਨੇ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਸਬਾਲੇਂਕਾ ਹਾਲਾਂਕਿ ਆਸਟ੍ਰੇਲੀਆਈ ਓਪਨ ਦਾ ਮਹਿਲਾ ਡਬਲਜ਼ ਖਿਤਾਬ 2021 ’ਚ ਜਿੱਤ ਚੁੱਕੀ ਹੈ।
ਮੈਚ ਤੋਂ ਬਾਅਦ ਸਬਾਲੇਂਕਾ ਨੇ ਕਿਹਾ- ਮੈਂ ਅਜੇ ਵੀ ਕੰਬ ਰਹੀ ਹਾਂ ਅਤੇ ਬਹੁਤ ਘਬਰਾਈ ਹੋਈ ਹਾਂ। ਮੇਰੀ ਟੀਮ ਦੌਰੇ ਦੀ ਸਭ ਤੋਂ ਬਿਹਤਰੀਨ ਟੀਮ ਹੈ। ਅਸੀਂ ਪਿਛਲੇ ਸਾਲ ਕਾਫੀ ਉਤਰਾਅ-ਚੜ੍ਹਾਅ ’ਚੋਂ ਲੰਘੇ ਹਾਂ। ਅਸੀਂ ਬਹੁਤ ਮਿਹਨਤ ਕੀਤੀ। ਤੁਸੀਂ ਲੋਕ ਇਸ ਟਰਾਫੀ ਦੇ ਜ਼ਿਆਦਾ ਹੱਕਦਾਰ ਹੋ, ਇਹ ਮੇਰੇ ਤੋਂ ਜ਼ਿਆਦਾ ਤੁਹਾਡੇ ਬਾਰੇ ’ਚ ਹੈ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।