ਆਸਟਰੇਲੀਆਈ ਗੋਲਫਰ ਐਡਮ ਸਕਾਟ ਨੂੰ ਹੋਇਆ ਕੋਰੋਨਾ
Thursday, Oct 22, 2020 - 04:51 PM (IST)
ਸਿਡਨੀ (ਵਾਰਤਾ) : ਵਿਸ਼ਵ ਦੇ ਸਾਬਕਾ ਨੰਬਰ ਇਕ ਗੋਲਫ ਖਿਡਾਰੀ ਆਸਟਰੇਲੀਆ ਦੇ ਐਡਮ ਸਕਾਟ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਇਸ ਹਫ਼ਤੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਹੋਣ ਵਾਲੇ ਪੀ.ਜੀ.ਏ. ਟੂਰ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪੀ.ਜੀ.ਏ. ਟੂਰ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਕਾਟ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਜੋਜੋ ਚੈਂਪੀਅਨਸ਼ਿਪ ਤੋਂ ਹੱਟ ਗਏ ਹਨ।
ਪੀ.ਜੀ.ਏ. ਨੇ ਕਿਹਾ, 'ਸਕਾਟ ਨੇ ਪਿਛਲੇ ਮਹੀਨੇ ਆਯੋਜਿਤ ਯੂ.ਐਸ. ਓਪਨ ਵਿਚ ਹਿੱਸਾ ਲਿਆ ਸੀ। ਕੋਰੋਨਾ ਇਨਫੈਕਸ਼ਨ ਕਾਰਨ ਉਨ੍ਹਾਂ ਦੇ ਘਰ ਵਿਚ ਇਕਾਂਤਵਾਸ ਦੌਰਾਨ ਪੀ.ਜੀ.ਏ. ਟੂਰ ਸੀ.ਡੀ.ਸੀ. ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦਾ ਪੂਰਾ ਸਮਰਥਨ ਕਰੇਗਾ। ਸਕਾਟ ਦੀ ਜਗ੍ਹਾ 'ਤੇ ਜਿਮ ਹਰਮਨ ਟੂਰਨਾਮੈਂਟ ਵਿਚ ਖੇਡਣਗੇ।' ਆਸਟਰੇਲੀਆ ਦੇ ਸਕਾਟ ਵਿਸ਼ਵ ਰੈਂਕਿੰਗ ਵਿਚ ਫਿਲਹਾਲ 15ਵੇਂ ਪਾਏਦਾਨ 'ਤੇ ਹਨ ਅਤੇ ਆਸਟਰੇਲੀਆ ਦੇ ਇੱਕਮਾਤਰ ਖਿਡਾਰੀ ਹਨ, ਜਿਨ੍ਹਾਂ ਨੇ ਕੋਈ ਮਾਸਟਰਸ ਟੂਰਨਾਮੈਂਟ ਜਿੱਤਿਆ ਹੋਵੇ। ਉਨ੍ਹਾਂ ਨੇ ਸਾਲ 2013 ਵਿਚ ਮਾਸਟਰਸ ਟੂਰਨਾਮੈਂਟ ਜਿੱਤਿਆ ਸੀ।
ਕੋਰੋਨਾ ਨਾਲ ਪੀੜਤ ਵਿਸ਼ਵ ਦੇ 15ਵੇਂ ਖਿਡਾਰੀ ਨੇ ਬਿਆਨ ਜਾਰੀ ਕਰਕੇ ਕਿਹਾ, 'ਇਹ ਹਾਲਾਂਕਿ ਇਕ ਚੰਗੀ ਖ਼ਬਰ ਨਹੀਂ ਹੈ, ਕਿਉਂਕਿ ਮੈਂ ਇਸ ਹਫ਼ਤੇ ਖੇਡਣ ਦੀ ਉਡੀਕ ਕਰ ਰਿਹਾ ਸੀ।' ਐਡਮ ਨੇ ਯੂ.ਐਸ. ਓਪਨ ਦੇ ਬਾਅਦ ਤੋਂ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ ਅਤੇ ਉਨ੍ਹਾਂ ਨੇ ਪਿਛਲੇ ਚਾਰ ਮਹੀਨੇ ਵਿਚ ਸਿਰਫ਼ ਚਾਰ ਟੂਰਨਾਮੈਂਟ ਖੇਡੇ ਹਨ, ਜਿਸ ਵਿਚ 2 ਵੱਡੇ ਟੂਰਨਾਮੈਂਟ ਸਨ ਅਤੇ ਦੋ ਫੇਡੇਕਸ ਕੱਪ ਦੇ ਪਲੇਅ ਆਫ ਇਵੈਂਟ ਸਨ। ਵਿਸ਼ਵ ਵਿਚ ਗੋਲਫ ਦੇ ਸਿਖ਼ਰ 20 ਖਿਡਾਰੀਆਂ ਦੀ ਸੂਚੀ ਵਿਚੋਂ ਕੋਰੋਨਾ ਨਾਲ ਪੀੜਤ ਹੋਣ ਵਾਲੇ ਸਕਾਟ ਤੀਸਰੇ ਖਿਡਾਰੀ ਹਨ। ਇਸ ਸੂਚੀ ਵਿਚ ਗੋਲਫ ਜਗਤ ਦੇ ਨੰਬਰ ਇਕ ਖਿਡਾਰੀ ਡਸਟਿਨ ਜਾਨਸਨ ਵੀ ਸ਼ਾਮਲ ਹਾਂ ਜੋ ਪਿਛਲੇ ਹਫ਼ਤੇ ਸੀਜੇ ਕਪ ਦੌਰਾਨ ਲਾਸ ਵੇਗਾਸ ਵਿਚ ਕੋਰੋਨਾ ਨਾਲ ਪਾਏ ਗਏ ਸਨ।