ਰਿਟਾਇਰਮੈਂਟ ਲੈ ਕੇ ਸ਼ੈੱਫ ਬਣਿਆ ਆਸਟਰੇਲੀਆਈ ਕ੍ਰਿਕਟਰ ਸਿਮੋਨ ਕਾਟਿਚ
Friday, Aug 21, 2020 - 12:21 AM (IST)
ਨਵੀਂ ਦਿੱਲੀ- ਆਸਟਰੇਲੀਆ ਦਾ ਬੱਲੇਬਾਜ਼ ਸਿਮੋਨ ਕਾਟਿਚ ਹੁਣ ਕ੍ਰਿਕਟ ਕੋਚਿੰਗ ਤੋਂ ਇਲਾਵਾ ਸ਼ੈੱਫ ਬਣ ਕੇ ਜ਼ਿੰਦਗੀ ਬਿਤਾ ਰਿਹਾ ਹੈ। ਕਾਟਿਚ ਨੂੰ ਖਾਣਾ ਬਣਾਉਣਾ ਬੇਹੱਦ ਪਸੰਦ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਖੁਦ ਦੱਸਿਆ ਸੀ ਕਿ ਮੇਰੇ ਸਾਰੇ ਦੋਸਤ ਜਾਣਦੇ ਹਨ ਕਿ ਖਾਣਾ ਬਣਾਉਣਾ ਮੇਰੇ ਲਈ ਕੀ ਹੈ। ਕ੍ਰਿਸਮਸ 'ਤੇ ਵੀ ਮੈਨੂੰ ਮੇਰੇ ਦੋਸਤ ਖਾਣੇ ਦੀ ਰੈਸਪੀ ਵਾਲੀਆਂ ਕਿਤਾਬਾਂ, ਬਰਤਨ ਹੀ ਦਿੰਦੇ ਹਨ। ਕਾਟਿਚ ਨੇ 'ਸੈਲੀਬ੍ਰਿਟੀ ਮਾਸਟਰ ਸ਼ੈੱਫ ਆਸਟਰੇਲੀਆ' ਵਿਚ ਵੀ ਹਿੱਸਾ ਲਿਆ ਸੀ, ਜਿਸ ਵਿਚ ਉਹ ਸੈਮੀਫਾਈਨਲ ਤਕ ਪਹੁੰਚਿਆ ਸੀ।
ਦੱਸਦੇ ਹਨ ਕਿ ਕੋਲਕਾਤਾ ਨਾਈਟ ਰਾਈਡਰਜ਼ ਦਾ ਅਸਿਸਟੈਂਟ ਕੋਚ ਰਹਿੰਦੇ ਹੋਏ ਉਹ ਇਕ ਰੈਸਟੋਰੈਂਟ ਮਾਲਕ ਤੋਂ ਨਾਰਾਜ਼ ਹੋ ਗਿਆ ਸੀ। ਦਰਅਸਲ, ਕਾਟਿਚ ਨੂੰ ਨਵੀਂ ਦਿੱਲੀ ਦੇ ਉਕਤ ਰੈਸਟੋਰੈਂਟ ਦੀ ਇਕ ਡਿਸ਼ ਪਸੰਦ ਆ ਗਈ ਸੀ। ਕਾਟਿਚ ਨੇ ਰੈਸਟੋਰੈਂਟ ਮੈਨੇਜਮੈਂਟ ਤੋਂ ਉਕਤ ਡਿਸ਼ ਦੀ ਰੈਸਪੀ ਮੰਗੀ ਸੀ, ਜਿਹੜੀ ਉਸ ਨੂੰ ਨਹੀਂ ਮਿਲੀ। ਕਾਟਿਚ ਇਸੇ ਕਾਰਣ ਨਾਰਾਜ਼ ਰਿਹਾ।
ਉਸਦਾ ਨਵੇਂ ਕਪਤਾਨ ਮਾਈਕਲ ਕਲਾਰਕ ਨਾਲ ਝਗੜਾ ਵੀ ਹੋ ਗਿਆ ਸੀ। ਦਰਅਸਲ, 2008 ਵਿਚ ਸਿਡਨੀ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਨਾਲ ਟੈਸਟ ਜਿੱਤਣ ਤੋਂ ਬਾਅਦ ਕਲਾਰਕ ਚਾਹੁੰਦਾ ਸੀ ਕਿ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹੋਵੇ ਤਾਂ ਕਿ ਖਿਡਾਰੀ ਮੈਦਾਨ ਵਿਚੋਂ ਬਾਹਰ ਜਾ ਸਕਣ। ਕਲਾਰਕ ਇਸ ਨੂੰ ਲੈ ਕੇ ਉਤਾਵਲਾ ਦਿਸਿਆ ਤਾਂ ਹਸੀ ਤੇ ਸਿਮੋਨ ਕਾਟਿਚ ਨੇ ਉਸ ਨੂੰ ਸਬਰ ਰੱਖਣ ਨੂੰ ਕਹਿ ਦਿੱਤਾ। ਇਸੇ ਗੱਲ ਨੂੰ ਲੈ ਕੇ ਵਿਵਾਦ ਵਧ ਗਿਆ। ਗੱਲ ਕਾਲਰ ਫੜ੍ਹਨ ਤੱਕ ਆ ਗਈ। 2011 ਵਿਚ ਕਾਟਿਚ ਟੀਮ 'ਚੋਂ ਬਾਹਰ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਕਲਾਰਕ ਨਾਲ ਹੋਏ ਵਿਵਾਦ ਦੇ ਕਾਰਣ ਉਸ ਨੂੰ ਬਾਹਰ ਕੀਤਾ ਗਿਆ।