ਆਪਣੀ ਰਣਨੀਤੀ ’ਤੇ ਕਾਇਮ ਰਹੇਗਾ ਆਸਟਰੇਲੀਆ : ਐਲਕਸ ਕੈਰੀ
Wednesday, Feb 15, 2023 - 12:17 PM (IST)
ਨਾਗਪੁਰ (ਭਾਸ਼ਾ)– ਆਸਟਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਨੇ ਸਾਬਕਾ ਕਪਤਾਨ ਐਲਨ ਬਾਰਡਰ ਦੀ ਆਲੋਚਨਾ ਨੂੰ ਨਕਾਰਦੇ ਹੋਏ ਕਿਹਾ ਕਿ ਉਸਦੀ ਟੀਮ ਉਸੇ ਤਰ੍ਹਾਂ ਨਾਲ ਟੈਸਟ ਮੈਚ ਖੇਡਦੀ ਰਹੇਗੀ, ਜਿਵੇਂ ਕਿ ਉਹ ਪਿਛਲੇ 12 ਤੋਂ 18 ਮਹੀਨਿਆਂ ਵਿਚ ਖੇਡਦੀ ਰਹੀ ਹੈ। ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਤੋਂ ਤਿੰਨ ਦਿਨ ਦੇ ਅੰਦਰ 123 ਦੌੜਾਂ ਤੇ ਪਾਰੀ ਨਾਲ ਹਾਰ ਗਿਆ ਸੀ, ਜਿਸ ਤੋਂ ਬਾਅਦ ਬਾਰਡਰ ਨੇ ਟੀਮ ਦੀ ਆਲੋਚਨਾ ਕੀਤੀ ਸੀ।
ਉਸ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਖੁਦ ਨੂੰ ਚੰਗਾ ਦਿਖਾਉਣ ਦੀ ਬਜਾਏ ਸਖਤ ਕ੍ਰਿਕਟ ਖੇਡਣ ਦੀ ਲੋੜ ਸੀ। ਬਾਰਡਰ ਨੇ ਵਿਸ਼ੇਸ਼ ਤੌਰ ’ਤੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ ਰਵਿੰਦਰ ਜਡੇਜਾ ਦੀ ਗੇਂਦ ਨੂੰ ਖੇਡਣ ਵਿਚ ਅਸਫਲ ਰਹਿਣ ਤੋਂ ਬਾਅਦ ਸਟੀਵ ਸਮਿਥ ਨੇ ਇਸ਼ਾਰਿਆਂ ਨਾਲ ਹੀ ਉਸਦੀ ਸ਼ਲਾਘਾ ਕੀਤੀ ਸੀ। ਬਾਰਡਰ ਨੇ ਉਸਦੀ ਇਸ ਹਰਕਤ ਨੂੰ ਹਾਸਾਪੂਰਣ ਕਰਾਰ ਦਿੱਤਾ ਸੀ। ਕੈਰੀ ਨੇ ਕਿਹਾ, ‘‘ਅਸੀਂ ਐਲਨ ਬਾਰਡਰ ਦਾ ਬਹੁਤ ਸਨਮਾਨ ਕਰਦੇ ਹਾਂ। ਟੀਮ ਵਿਚ ਹਰੇਕ ਖਿਡਾਰੀ ਦਾ ਆਪਣਾ ਤਰੀਕਾ ਹੁੰਦਾ ਹੈ।
ਇਹ ਵੀ ਪੜ੍ਹੋ : ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਵੱਡਾ ਖ਼ੁਲਾਸਾ, ‘ਭਾਰਤੀ ਕ੍ਰਿਕਟਰ ਫਿੱਟ ਰਹਿਣ ਲਈ ਲਗਾਉਂਦੇ ਨੇ ਇੰਜੈਕਸ਼ਨ’
ਅਸੀਂ ਇਨ੍ਹਾਂ ਖਿਡਾਰੀਆਂ ਦੇ ਵਿਰੁੱਧ ਬਹੁਤ ਚੰਗਾ ਕਰਦੇ ਹਾਂ।’’ ਉਸ ਨੇ ਕਿਹਾ,‘‘ਤੁਹਾਡਾ ਇਸ਼ਾਰਾ ਸ਼ਾਇਦ ਸਟੀਵ ਸਮਿਥ ਵੱਲ ਹੈ ਪਰ ਤੁਸੀਂ ਜਾਣਦੇ ਹੋ ਕਿ ਉਹ ਉਨ੍ਹਾਂ ਵਿਚੋਂ ਕਈਆਂ ਦਾ ਚੰਗਾ ਦੋਸਤ ਹੈ ਅਤੇ ਸਮਿਥ ਇਸ ਤਰ੍ਹਾਂ ਨਾਲ ਖੇਡਦਾ ਵੀ ਹੈ। ਉਹ ਹਰ ਤਰ੍ਹਾਂ ਦੇ ਹਾਲਾਤ ਵਿਚ ਅਜਿਹਾ ਕਰਦਾ ਹੈ।’’ਪਹਿਲੇ ਟੈਸਟ ਮੈਚ ਵਿਚ ਵੱਡੀ ਹਾਰ ਦੇ ਬਾਵਜੂਦ ਕੈਰੀ ਨੇ ਕਿਹਾ ਕਿ ਆਸਟਰੇਲੀਅਨ ਟੀਮ ਹਾਂ-ਪੱਖੀ ਹੈ ਤੇ ਉਸ ਨੂੰ ਦਿੱਲੀ ਵਿਚ ਦੂਜੇ ਟੈਸਟ ਮੈਚ ਵਿਚ ਵਾਪਸੀ ਦਾ ਭਰੋਸਾ ਹੈ।
ਉਸ ਨੇ ਕਿਹਾ,‘‘ਇਹ ਚਾਰ ਟੈਸਟ ਮੈਚਾਂ ਵਿਚੋਂ ਪਹਿਲਾ ਟੈਸਟ ਮੈਚ ਸੀ ਤੇ ਅਸੀਂ ਦਿੱਲੀ ਵਿਚ ਵਾਪਸੀ ਕਰਨ ਤੇ ਲੜੀ ਬਰਾਬਰ ਕਰਨ ਨੂੰ ਲੈ ਕੇ ਬੇਹੱਦ ਹਾਂ-ਪੱਖੀ ਹਾਂ। ਅਸੀਂ ਉਸੇ ਤਰ੍ਹਾਂ ਨਾਲ ਖੇਡਦੇ ਰਹਾਂਗੇ ਜਿਵੇਂ ਕਿ ਅਸੀਂ ਪਿਛਲੇ 12 ਤੋਂ 18 ਮਹੀਨਿਆਂ ਵਿਚ ਖੇਡਦੇ ਰਹੇ ਹਾਂ।’’ਕੈਰੀ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਸਾਡੀ ਟੀਮ ਅਸਲ ਵਿਚ ਮਜ਼ਬੂਤ ਹੈ ਤੇ ਸਾਡੇ ਸਾਰੇ ਵਿਭਾਗਾਂ ਵਿਚ ਚੰਗੇ ਖਿਡਾਰੀ ਹਨ। ਮੰਦਭਾਗੇ ਪਹਿਲੇ ਟੈਸਟ ਵਿਚ ਅਸੀਂ ਰਣਨੀਤੀ ਦੇ ਅਨੁਸਾਰ ਨਹੀਂ ਚੱਲ ਸਕੇ ਪਰ ਅਸੀਂ ਨਿਸ਼ਚਿਤ ਤੌਰ ’ਤੇ ਉਸ ਰਣਨੀਤੀ ’ਤੇ ਚੱਲਣ ਲਈ ਤਿਆਰ ਹਾਂ, ਜਿਹੜੀ ਅਸੀਂ ਇਸ ਦੌਰੇ ਲਈ ਤਿਆਰ ਕੀਤੀ ਸੀ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।