ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ
Wednesday, Jan 05, 2022 - 08:57 PM (IST)
ਸਿਡਨੀ- ਆਸਟ੍ਰੇਲੀਆ ਨੇ ਇੰਗਲੈਂਡ ਵਿਰੁੱਧ ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ 3 ਵਿਕਟਾਂ ਗੁਆ ਕੇ 126 ਦੌੜਾਂ ਬਣਾ ਲਈਆਂ। ਮੀਂਹ ਕਾਰਨ ਪਹਿਲੇ 2 ਸੈਸ਼ਨ ’ਚ ਸਿਰਫ 21 ਓਵਰ ਸੁੱਟੇ ਜਾ ਸਕੇ ਜਦਕਿ ਆਖਰੀ ਸੈਸ਼ਨ ’ਚ ਦੌੜਾਂ ਤੇਜ਼ੀ ਨਾਲ ਬਣੀਆਂ ਅਤੇ 2 ਵਿਕਟਾਂ ਵੀ ਡਿੱਗੀਆਂ। ਪਹਿਲੇ ਦਿਨ ਦੀ ਖੇਡ ਖਤਮ ਹੋਣ ’ਚ ਸਟੀਵ ਸਮਿੱਥ 6 ਅਤੇ ਉਸਮਾਨ ਖਵਾਜ਼ਾ 4 ਦੌੜਾਂ ਬਣਾ ਕੇ ਖੇਡ ਰਹੇ ਸਨ। ਮੀਂਹ ਕਾਰਨ ਖੇਡ 30 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਮੀਂਹ ਕਾਰਨ ਪਹਿਲੇ ਸੈਸ਼ਨ ’ਚ 12.3 ਓਵਰ ਹੀ ਸੁੱਟੇ ਜਾ ਸਕੇ। ਹੈਰਿਸ ਤੇ ਡੇਵਿਡ ਵਾਰਨਰ ਨੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ। ਖਰਾਬ ਫਾਰਮ ਕਾਰਨ ਤੀਜੇ ਟੈਸਟ ’ਚੋਂ ਬਾਹਰ ਹੋਏ ਸਟੁਅਰਟ ਬ੍ਰਾਡ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦੇ ਹੋਏ ਇੰਗਲੈਂਡ ਨੂੰ 21ਵੇਂ ਓਵਰ ’ਚ ਸਫਲਤਾ ਦੁਆਈ ਅਤੇ ਵਾਰਨਰ ਨੂੰ ਦੂਜੀ ਸਲਿਪ ’ਚ ਜਾਕ ਕਾਰਲੇ ਦੇ ਹੱਥੋਂ ਕੈਚ ਕਰਵਾਇਆ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ
ਵਾਰਨਰ ਨੇ 72 ਗੇਂਦਾਂ ’ਚ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਬ੍ਰਾਡ ਨੇ ਪਿਛਲੇ 7 ਏਸ਼ੇਜ਼ ਟੈਸਟ ’ਚ 8ਵੀਂ ਵਾਰ ਵਾਰਨਰ ਦੀ ਵਿਕਟ ਲਈ ਹੈ। ਲਾਬੁਸ਼ੇਨ ਦੇ ਕ੍ਰੀਜ਼ ’ਤੇ ਆਉਣ ਤੋਂ ਬਾਅਦ 22ਵੇਂ ਓਵਰ ਦੀਆਂ 4 ਗੇਂਦਾਂ ਸੁੱਟੇ ਜਾਣ ਤੋਂ ਬਾਅਦ ਹੀ ਮੀਂਹ ਫਿਰ ਸ਼ੁਰੂ ਹੋ ਗਈ। ਦੂਜੇ ਸੈਸ਼ਨ ’ਚ 9 ਓਵਰ ਦੀ ਹੀ ਖੇਡ ਹੋ ਸਕੀ। ਚਾਹ ਤੋਂ ਬਾਅਦ ਖੇਡ ਬਹਾਲ ਹੋਣ ’ਤੇ ਹੈਰਿਸ ਤੇ ਲਾਬੁਸ਼ੇਨ ਨੇ ਦੌੜਾਂ ਦੀ ਸਪੀਡ ਨੂੰ ਵਧਾਇਆ। ਹੈਰਿਸ ਨੇ 38 ਦੌੜਾਂ ਬਣਾਈਆਂ ਪਰ ਵਾਰਨਰ ਦੀ ਤਰ੍ਹਾਂ ਹੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕਿਆ। ਜਿੰਮੀ ਐਂਡਰਸਨ ਦੀ ਗੇਂਦ ’ਤੇ ਉਸ ਨੇ ਪਹਿਲੀ ਸਲਿਪ ’ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਕੈਚ ਫੜਾਈ। ਇਸ ਤੋਂ ਬਾਅਦ ਮਾਰਕਵੁਡ ਨੇ ਲਾਬੁਸ਼ੇਨ ਨੂੰ ਵਿਕਟ ਦੇ ਪਿੱਛੇ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।