ICC ਵਨਡੇ ਰੈਂਕਿੰਗ : ਭਾਰਤ ਤੀਜੇ ਸਥਾਨ ’ਤੇ ਖਿਸਕਿਆ, ਆਸਟ੍ਰੇਲੀਆ ਟਾਪ ’ਤੇ ਬਰਕਰਾਰ
Friday, May 12, 2023 - 11:23 AM (IST)

ਦੁਬਈ (ਭਾਸ਼ਾ)- ਭਾਰਤ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਵੀਰਵਾਰ ਨੂੰ ਜਾਰੀ ਨਵੀਂ ਰੈਂਕਿੰਗ ’ਚ ਪਾਕਿਸਤਾਨ ਤੋਂ ਬਾਅਦ ਤੀਜੇ ਸਥਾਨ ’ਤੇ ਖਿਸਕ ਗਿਆ ਜਦਕਿ ਆਸਟ੍ਰੇਲੀਆ ਪਹਿਲੇ ਪਾਇਦਾਨ ’ਤੇ ਬਰਕਰਾਰ ਹੈ। ਰੈਂਕਿੰਗ ’ਚ ਸਾਲਾਨਾ ਅਪਡੇਟ ਤੋਂ ਬਾਅਦ 5 ਵਾਰ ਦੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਆਪਣੀ ਰੇਟਿੰਗ ’ਚ 5 ਅੰਕ ਦਾ ਸੁਧਾਰ ਕੀਤਾ। ਟੀਮ ਦੇ ਨਾਂ ਹੁਣ 118 ਰੇਟਿੰਗ ਅੰਕ ਹਨ। ਪਾਕਿਸਤਾਨ 116 ਰੇਟਿੰਗ ਅੰਕ ਦੇ ਨਾਲ ਦੂਜੇ ਅਤੇ ਭਾਰਤ 115 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।
ਆਈ. ਸੀ. ਸੀ. ਦੀ ਸਾਲਾਨਾ ਰੈਂਕਿੰਗ ’ਚ ਮਈ 2020 ਤੋਂ ਪੂਰੀਆਂ ਹੋਈਆਂ ਸਾਰੀਆਂ ਵਨ ਡੇ ਸੀਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ’ਚ ਮਈ 2022 ਤੋਂ ਪਹਿਲਾਂ ਪੂਰੀ ਹੋਈ ਸੀਰੀਜ਼ ਲਈ 50 ਅੰਕ ਫ਼ੀਸਦੀ ਦਿੱਤੇ ਗਏ ਹਨ, ਜਦਕਿ ਇਸ ਤੋਂ ਬਾਅਦ ਦੀਆਂ ਸਾਰੀਆਂ ਸੀਰੀਜ਼ ਨੂੰ 100 ਅੰਕ ਫ਼ੀਸਦੀ ਦਿੱਤੇ ਗਏ ਹਨ। ਨਿਊਜ਼ੀਲੈਂਡ (104) ਇਸ ਰੈਂਕਿੰਗ ’ਚ ਚੌਥੇ, ਜਦਕਿ ਇੰਗਲੈਂਡ 101 ਰੇਟਿੰਗ ਅੰਕ ਦੇ ਨੁਕਸਾਨ ਦੇ ਨਾਲ 5ਵੇਂ ਸਥਾਨ ’ਤੇ ਹੈ। ਅਫਗਾਨੀਸਤਾਨ ਵੱਡੀ ਛਲਾਂਗ ਲਗਾਉਂਦੇ ਹੋਏ ਸ਼੍ਰੀਲੰਕਾ (9ਵੇਂ ਸਥਾਨ) ਅਤੇ ਵੈਸਟ ਇੰਡੀਜ਼ (10ਵਾਂ ਸਥਾਨ) ਨੂੰ ਪਛਾੜ ਕੇ 8ਵੇਂ ਸਥਾਨ ’ਤੇ ਆ ਗਿਆ।