ਆਸਟ੍ਰੇਲੀਆ ਕੋਵਿਡ-19 ਕਾਰਨ ਭਾਰਤ ’ਚ ਹੋਣ ਵਾਲੇ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਹਟਿਆ
Friday, Sep 17, 2021 - 05:20 PM (IST)
ਸਿਡਨੀ (ਭਾਸ਼ਾ) : ਆਸਟ੍ਰੇਲੀਆ ਨੇ ਕੋਵਿਡ-19 ਨਾਲ ਜੁੜੀਆਂ ਸਰਕਾਰੀ ਯਾਤਰਾ ਪਾਬੰਦੀਆਂ ਕਾਰਨ ਸ਼ੁੱਕਰਵਾਰ ਨੂੰ ਐਫ.ਆਈ.ਐਚ. (ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ) ਦੇ ਕਈ ਟੂਰਨਾਮੈਂਟਾਂ ਤੋਂ ਹਟਣ ਦਾ ਐਲਾਨ ਕੀਤਾ, ਜਿਸ ਵਿਚ ਇਸ ਸਾਲ ਦੇ ਆਖ਼ੀਰ ਵਿਚ ਭਾਰਤ ਵਿਚ ਹੋਣ ਵਾਲਾ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵੀ ਸ਼ਾਮਲ ਹੈ। ਜੂਨੀਅਰ ਪੁਰਸ਼ ਵਿਸ਼ਵ ਕੱਪ ਇਸ ਸਾਲ ਨਵੰਬਰ-ਦਸੰਬਰ ਵਿਚ ਖੇਡਿਆ ਜਾਏਗਾ। ਇਸ ਦੇ ਮੈਚ ਸਥਾਨ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਕੀ ਆਸਟ੍ਰੇਲੀਆ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਕਿ ਟੋਕੀਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਉਨ੍ਹਾਂ ਦੀ ਟੀਮ ਅਤੇ ਉਨ੍ਹਾਂ ਦਾ ਟ੍ਰਾਂਸ ਤਸਮਾਨ ਵਿਰੋਧੀ ਨਿਊਜ਼ੀਲੈਂਡ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਲੀਗ ਦੇ ਤੀਜੇ ਸੀਜ਼ਨ ਵਿਚ ਵੀ ਹਿੱਸਾ ਨਹੀਂ ਲੈਣਗੇ।
ਹਾਕੀ ਆਸਟ੍ਰੇਲੀਆ ਨੇ ਬਿਆਨ ਵਿਚ ਕਿਹਾ, ‘ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵਾਂ ਦੇਸ਼ਾਂ ਵਿਚ ਕੋਵਿਡ ਸਬੰਧਤ ਸਰਕਾਰੀ ਯਾਤਰਾ ਪਾਬੰਦੀਆਂ ਅਤੇ ਅਨਿਸ਼ਚਿਤਤਾ ਦੇ ਮੱਦੇਨਜ਼ਰ ਐਫ.ਆਈ.ਐਚ. ਪ੍ਰੋ ਲੀਗ (ਅਕਤੂਬਰ 2021 ਵਿਚ ਸ਼ੁਰੂ ਹੋਣ ਵਾਲੀ) ਦੇ ਤੀਜੇ ਸੀਜ਼ਨ ਵਿਚ ਹਿੱਸਾ ਨਹੀਂ ਲੈਣਗੇ।’ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕੋਵਿਡ-19 ਇਕਾਂਤਵਾਸ ਨਾਲ ਜੁੜੇ ਸਖ਼ਤ ਨਿਯਮ ਹਨ, ਜਿਸ ਨਾਲ ਉਨ੍ਹਾਂ ਲਈ ਹੋਰ ਟੀਮਾਂ ਦੀ ਮੇਜ਼ਬਾਨੀ ਕਰਨਾ ਬੇਹੱਦ ਮੁਸ਼ਕਲ ਬਣ ਗਿਆ ਹੈ। ਹਾਕੀ ਆਸਟ੍ਰੇਲੀਆ ਦੇ ਸੀ.ਈ.ਓ. ਮਾਈਕਲ ਜਾਨਸਟਨ ਨੇ ਕਿਹਾ, ‘ਜੋਖ਼ਮ ਦਾ ਮੁਲਾਂਕਣ ਕਰਨ ਅਤੇ ਹੋਰ ਆਸਟ੍ਰੇਲੀਆਈ ਸਰਕਾਰ ਦੀ ਸਿਹਤ ਸਲਾਹ ਦੇ ਆਧਾਰ ’ਤੇ ਹਾਕੀ ਆਸਟ੍ਰੇਲੀਆ ਇਸ ਸਮੇਂ ਹਾਕੀ ਨਾਲ ਸਬੰਧਤ ਵਿਦੇਸ਼ੀ ਯਾਤਰਾਵਾਂ ’ਤੇ ਵਿਚਾਰ ਨਹੀਂ ਕਰ ਰਿਹਾ ਹੈ।’
ਭਾਰਤ ਵਿਚ ਹੋਣ ਵਾਲੇ ਟੂਰਨਾਮੈਂਟ ਅਤੇ ਪ੍ਰੋ ਲੀਗ ਦੇ ਇਲਾਵਾ ਆਸਟ੍ਰੇਲੀਆ ਇਸ ਸਾਲ ਦੇ ਆਖ਼ੀਰ ਵਿਚ ਦੱਖਣੀ ਅਫ਼ਰੀਕਾ ਵਿਚ ਹੋਣ ਵਾਲੇ ਜੂਨੀਅਰ ਮਹਿਲਾ ਵਿਸ਼ਵ ਕੱਪ, ਬੈਲਜੀਅਮ ਵਿਚ ਇੰਡੋਰ ਵਿਸ਼ਵ ਕੱਪ ਅਤੇ 2022 ਵਿਚ ਅਮਰੀਕਾ ਵਿਚ ਹੋਣ ਵਾਲੇ ਮਾਸਟਰਜ਼ ਇੰਡੋਰ ਵਿਸ਼ਵ ਕੱਪ ਵਿਚ ਵੀ ਹਿੱਸਾ ਨਹੀਂ ਲਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।