Ashes 2023: ਕਪਤਾਨ ਪੈਟ ਕਮਿਨਸ ਦਾ ਜ਼ਬਰਦਸਤ ਪ੍ਰਦਰਸ਼ਨ, ਆਸਟ੍ਰੇਲੀਆ ਨੇ ਜਿੱਤਿਆ ਪਹਿਲਾ ਟੈਸਟ ਮੁਕਾਬਲਾ
Wednesday, Jun 21, 2023 - 04:55 AM (IST)
ਸਪੋਰਟਸ ਡੈਸਕ: ਬਰਮਿੰਘਮ ਦੇ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਟੈਸਟ ਵਿਚ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਅਖ਼ੀਰਲੇ ਓਵਰਾਂ ਵਿਚ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੁਆ ਦਿੱਤੀ। ਆਸਟ੍ਰੇਲੀਆ ਨੂੰ ਦੂਜੀ ਪਾਰੀ ਵਿਚ ਜਿੱਤ ਲਈ 281 ਦੌੜਾਂ ਦਾ ਟੀਚਾ ਮਿਲਿਆ ਸੀ। ਉਸਮਾਨ ਖ਼ਵਾਜਾ ਦੀਆਂ 65 ਦੌੜਾਂ ਤੋਂ ਬਾਅਦ ਕੋਈ ਹੋਰ ਆਸਟ੍ਰੇਲੀਆਈ ਬੱਲੇਬਾਜ਼ ਜ਼ਿਆਦਾ ਯੋਗਦਾਨ ਨਹੀਂ ਦੇ ਪਾਇਆ ਸੀ। ਪਰ 8ਵੇਂ ਨੰਬਰ 'ਤੇ ਆਏ ਕਮਿਨਸ ਨੇ ਇਕੱਲਿਆਂ ਹੀ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਤਕ ਪਹੁੰਚਾ ਦਿੱਤਾ।
ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਬੈੱਨ ਸਟੋਕਸ ਸੋਸ਼ਲ ਮੀਡੀਆ 'ਤੇ ਖ਼ੂਬ ਟਰੋਲ ਹੋਏ। ਸਟੋਕਸ ਨੇ ਪਹਿਲੇ ਹੀ ਦਿਨ ਇੰਗਲੈਂਡ ਦੀ ਪਾਰੀ ਉਸ ਵੇਲੇ ਘੋਸ਼ਿਤ ਕਰ ਦਿੱਤੀ ਸੀ ਜਦੋਂ ਜੋ ਰੂਟ ਸੈਂਕੜਾ ਬਣਾ ਕੇ ਬਿਹਤਰੀਨ ਬੱਲੇਬਾਜ਼ੀ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - Big Breaking: ਜਲੰਧਰ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਈ ਫ਼ਾਇਰਿੰਗ, ਤਾੜ-ਤਾੜ ਚੱਲੀਆਂ ਗੋਲ਼ੀਆਂ
ਪਹਿਲੀ ਪਾਰੀ ਵਿਚ ਇੰਗਲੈਂਡ ਨੂੰ ਜੈੱਕ ਕ੍ਰਾਊਲੇ ਨੇ 61 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਦਿੱਤੀ ਸੀ ਪਰ ਪਾਰੀ ਦੀ ਖਿੱਚ ਦਾ ਮੁੱਖ ਕੇਂਦਰ ਜੋਅ ਰੂਟ ਰਹੇ ਜਿਨ੍ਹਾਂ ਨੇ 152 ਗੇਂਦਾਂ ਵਿਚ 7 ਚੌਕਿਆਂ ਤੇ 4 ਛੱਕਿਆਂ ਦੀ ਬਦੌਲਤ 118 ਦੌੜਾਂ ਬਣਾਈਆਂ। ਬੇਅਰਸਟੋ ਨੇ ਵੀ 78 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆਈ ਗੇਂਦਬਾਜ਼ ਨੇਥਨ ਲਾਇਨ ਨੇ 149 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲੀ ਪਾਰੀ ਵਿਚ 8 ਵਿਕਟਾਂ ਗੁਆ ਕੇ 393 ਦੌੜਾਂ 'ਤੇ ਪਾਰੀ ਘੋਸ਼ਿਤ ਕੀਤੀ।
ਇਸ ਦੇ ਜਵਾਬ ਵਿਚ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖ਼ਵਾਜਾ ਨੇ 141 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਟ੍ਰੈਵਿਸ ਹੈੱਡ ਨੇ 50, ਐਲੇਕਸ ਕੈਰੀ ਨੇ 66, ਕਪਤਾਨ ਪੈਟ ਕਮਿਨਸ ਨੇ 38 ਦੌੜਾਂ ਬਣਾਈਆਂ ਜਿਸ ਸਦਕਾ ਆਸਟ੍ਰੇਲੀਆ 386 ਦੌੜਾਂ ਤਕ ਪਹੁੰਚੀ। ਬਰਾਡ ਅਤੇ ਰਾਬਿਨਸਨ ਨੇ 3-3 ਵਿਕਟਾਂ ਆਪਣੇ ਨਾਂ ਕੀਤੀਆਂ।
ਇੰਗਲੈਂਡ ਨੇ ਦੂਜੀ ਪਾਰੀ ਦੀ ਸ਼ੁਰੂਆਤ 7 ਦੌੜਾਂ ਦੀ ਮਾਮੂਲੀ ਬੜ੍ਹਤ ਦੇ ਨਾਲ ਕੀਤੀ। ਪੈਟ ਕਮਿਨਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੇ ਟਾਪ ਬੱਲੇਬਾਜ਼ਾਂ ਨੂੰ ਛੇਤੀ ਆਊਟ ਕੀਤਾ। ਰੂਟ ਤੇ ਹੈਰੀ ਬਰੁੱਕ ਨੇ 46-46 ਦੌੜਾਂ ਤੇ ਬੈੱਨ ਸਟੋਕਸ ਨੇ 43 ਦੌੜਾਂ ਬਣਾਈਆਂ। ਇੰਗਲੈਂਡ ਨੇ ਆਸਟ੍ਰੇਲੀਆ ਨੂੰ 281 ਦੌੜਾਂ ਦਾ ਟੀਚਾ ਦਿੱਤਾ। ਪੈਟ ਕਮਿਨਸ ਤੇ ਲਾਇਨ ਨੇ 4-4 ਵਿਕਟਾਂ ਆਪਣੇ ਨਾਂ ਕੀਤੀਆਂ। ਇੰਗਲੈਂਡ ਦੂਜੀ ਪਾਰੀ ਵਿਚ 273 ਦੌੜਾਂ 'ਤੇ ਸਿਮਟ ਗਈ।
ਇਹ ਖ਼ਬਰ ਵੀ ਪੜ੍ਹੋ - ਕੀ ਨਾਬਾਲਿਗਾ ਨੇ ਕਿਸਾ ਦਬਾਅ ਹੇਠ ਬਦਲਿਆ ਸੀ ਬ੍ਰਿਜਭੂਸ਼ਣ ਖ਼ਿਲਾਫ਼ ਬਿਆਨ? ਬੱਚੀ ਦੇ ਪਿਤਾ ਨਾ ਦੱਸੀ ਸਾਰੀ ਗੱਲ
281 ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੇ ਜ਼ੋਰਦਾਰ ਸ਼ੁਰੂਆਤ ਕੀਤੀ। ਵਾਰਨਰ ਨੇ 36 ਤੇ ਖ਼ਵਾਜਾ ਨੇ 65 ਦੌੜਾਂ ਬਣਾਈਆਂ। ਮੱਧਕ੍ਰਮ ਦੇ ਬੱਲੇਬਾਜ਼ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਜਿਸ ਤੋਂ ਬਾਅਦ ਇਹ ਮੈਚ ਆਸਟ੍ਰੇਲੀਆ ਦੇ ਹੱਥੋਂ ਨਿਕਲਦਾ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਕੈਮਰੋਨ ਗ੍ਰੀਨ, ਐਲੈਕਸ ਕੈਰੀ ਤੇ ਨੇਥਨ ਲਾਇਨ ਨੇ ਚੰਗੀਆਂ ਪਾਰੀਆਂ ਖੇਡ ਕੇ ਟੀਮ ਦੀਆਂ ਉਮੀਦਾਂ ਕਾਇਮ ਰੱਖੀਆਂ। ਅਖ਼ੀਰ ਵਿਚ ਕਮਿਨਸ ਨੇ 73 ਗੇਂਦਾਂ ਵਿਚ 4 ਚੌਕਿਆਂ ਤੇ 2 ਛੱਕਿਆਂ ਸਦਕਾ 44 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ 2 ਵਿਕਟਾਂ ਨਾਲ ਜਿੱਤ ਦੁਆਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।