ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਰੌਡ ਮਾਰਸ਼ ਦਾ ਦਿਹਾਂਤ
Friday, Mar 04, 2022 - 12:42 PM (IST)
ਬ੍ਰਿਸਬੇਨ (ਭਾਸ਼ਾ) : ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰੌਡ ਮਾਰਸ਼ ਦਾ ਦਿਹਾਂਤ ਹੋ ਗਿਆ ਹੈ। ਕੁਈਨਜ਼ਲੈਂਡ ਵਿਚ ਚੈਰੀਟੇਬਲ ਕੰਮਾਂ ਲਈ ਪੈਸਾ ਇਕੱਠਾ ਕਰਨ ਲਈ ਇਕ ਸਮਾਗਮ ਦੌਰਾਨ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮਾਰਸ਼ 74 ਸਾਲ ਦੇ ਸਨ। ਸਪੋਰਟ ਆਸਟ੍ਰੇਲੀਆ ਹਾਲ ਆਫ ਫੇਮ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ 1970 ਤੋਂ 1984 ਦਰਮਿਆਨ ਆਸਟ੍ਰੇਲੀਆ ਲਈ 96 ਟੈਸਟ ਮੈਚ ਖੇਡਣ ਵਾਲੇ ਮਾਰਸ਼ ਦੀ ਐਡੀਲੇਡ ਦੇ ਹਸਪਤਾਲ 'ਚ ਮੌਤ ਹੋ ਗਈ ਹੈ। ਇਕ ਸਮੇਂ ਵਿਕਟਕੀਪਰ ਵੱਲੋਂ ਸਭ ਤੋਂ ਵੱਧ 355 ਸ਼ਿਕਾਰ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਸੀ, ਜਿਸ ਵਿਚ ਮਹਾਨ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਦੀਆਂ ਗੇਂਦਾਂ 'ਤੇ ਕੀਤੇ 95 ਸ਼ਿਕਾਰ ਵੀ ਸ਼ਾਮਲ ਸਨ। ਉਹ ਆਸਟ੍ਰੇਲੀਆ ਲਈ 92 ਇਕ ਦਿਨਾ ਅੰਤਰਰਾਸ਼ਟਰੀ ਮੈਚ ਵੀ ਖੇਡੇ।
ਉਨ੍ਹਾਂ ਨੇ ਫਰਵਰੀ 1984 ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਖੱਬੇ ਹੱਥ ਦੇ ਬੱਲੇਬਾਜ਼ ਮਾਰਸ਼ ਟੈਸਟ ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਆਸਟਰੇਲੀਆਈ ਵਿਕਟਕੀਪਰ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਤਿੰਨ ਟੈਸਟ ਸੈਂਕੜੇ ਲਗਾਏ। ਮਾਰਸ਼ ਆਸਟ੍ਰੇਲੀਆ ਅਤੇ ਇੰਗਲੈਂਡ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀਆਂ ਦੇ ਮੁਖੀ ਵੀ ਰਹੇ। ਉਹ ਦੁਬਈ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਵਿਸ਼ਵ ਕੋਚਿੰਗ ਅਕੈਡਮੀ ਦੇ ਪਹਿਲੇ ਮੁਖੀ ਸਨ।
ਉਨ੍ਹਾਂ ਨੂੰ 2014 ਵਿਚ ਆਸਟਰੇਲੀਆ ਦੀ ਚੋਣ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਸੀ ਅਤੇ ਉਹ 2 ਸਾਲਾਂ ਲਈ ਇਸ ਅਹੁਦੇ 'ਤੇ ਰਹੇ ਸਨ। ਮਾਰਸ਼ ਨੂੰ 1985 ਵਿਚ ਸਪੋਰਟ ਆਸਟ੍ਰੇਲੀਆ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ। ਹਾਲ ਆਫ ਫੇਮ ਦੇ ਪ੍ਰਧਾਨ ਜੌਹਨ ਬਰਟਰੈਂਡ ਨੇ ਕਿਹਾ ਕਿ ਮਾਰਸ਼ ਬਿਨਾਂ ਕਿਸੇ ਡਰ ਦੇ ਆਪਣੀ ਗੱਲ ਰੱਖਦੇ ਸਨ ਅਤੇ ਉਨ੍ਹਾਂ ਨੇ ਨੌਜਵਾਨ ਕ੍ਰਿਕਟਰਾਂ ਦੀ ਪ੍ਰਤਿਭਾ ਨੂੰ ਪਛਾਣਿਆ।'