ਐਟਲੈਟਿਕੋ ਨੇ ਮੈਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰ
Friday, Mar 18, 2022 - 10:55 AM (IST)
ਮਾਨਚੈਸਟਰ- ਐਟਲੈਟਿਕੋ ਮੈਡ੍ਰਿਡ ਦੀ ਟੀਮ ਨੇ ਇੱਥੇ ਮਾਨਚੈਸਟਰ ਯੂਨਾਈਟਿਡ ਨੂੰ ਦੂਜੇ ਗੇੜ ਦੇ ਮੈਚ ’ਚ 1-0 ਨਾਲ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਤੋਂ ਬਾਹਰ ਕਰ ਦਿੱਤਾ। ਪਹਿਲੇ ਗੇੜ ਦਾ ਮੈਚ ਦੋਵਾਂ ਟੀਮਾਂ ਵਿਚਾਲੇ 1-1 ਨਾਲ ਡਰਾਅ ਰਿਹਾ ਸੀ। ਦੂਜੇ ਗੇੜ ’ਚ ਐਟਲੈਟਿਕੋ ਨੇ ਇਕ ਗੋਲ ਕਰਕੇ ਕੁਲ ਸਕੋਰ 2-1 ਨਾਲ ਕੁਆਰਟਰ ਫਾਈਨਲ ’ਚ ਥਾਂ ਬਣਾਈ। ਟੂਰਨਾਮੈਂਟ ਤੋਂ ਬਾਹਰ ਹੁੰਦੇ ਹੀ ਤੈਅ ਹੋ ਗਿਆ ਕਿ ਮਾਨਚੈਸਟਰ ਯੂਨਾਈਟਿਡ ਦੀ ਟੀਮ ਲਗਾਤਾਰ ਪੰਜਵੇਂ ਸੈਸ਼ਨ ’ਚ ਕੋਈ ਖ਼ਿਤਾਬ ਨਹੀਂ ਜਿੱਤ ਸਕੇਗੀ।
ਇਹ ਵੀ ਪੜ੍ਹੋ : ਨਡਾਲ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ
ਮਾਨਚੈਸਟਰ ਯੂਨਾਈਟਿਡ ਨੂੰ ਸੁਪਰਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਨਿਰਾਸ਼ ਕੀਤਾ ਜਿਹੜੇ ਇਸ ਮਹੱਤਵਪੂਰਨ ਮੈਚ ’ਚ ਇਕ ਗੋਲ ਵੀ ਨਹੀਂ ਕਰ ਸਕੇ ਅਤੇ ਟੀਮ ਨੂੰ ਬਾਹਰ ਹੋਣ ਤੋਂ ਨਹੀਂ ਬਚਾ ਸਕੇ। ਓਲਡ ਟ੍ਰੈਫਰਡ ’ਤੇ ਮੈਚ ਦਾ ਇੱਕੋ-ਇਕ ਗੋਲ 41ਵੇਂ ਮਿੰਟ ’ਚ ਐਂਟੋਨੀ ਗ੍ਰੀਜਮੈਨ ਦੇ ਕ੍ਰਾਸ ’ਤੇ ਰੇਨਾਨ ਲੋਡੀ ਨੇ ਹੈਡਰ ਨਾਲ ਕੀਤਾ। ਪਹਿਲੇ ਹਾਫ ’ਚ ਐਟਲੈਟਿਕੋ ਮੈਡਿ੍ਰਡ 1-0 ਨਾਲ ਅੱਗੇ ਰਿਹਾ।
ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ 2022 ਦੇ ਪੂਰੇ ਹੋਏ ਅੱਧੇ ਮੈਚ, ਜਾਣੋ ਕੌਣ ਹੈ ਟਾਪ ਸਕੋਰਰ
ਦੂਜੇ ਹਾਫ ’ਚ ਮਾਨਚੈਸਟਰ ਯੂਨਾਈਟਿਡ ਦੇ ਖਿਡਾਰੀਆਂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਉਥੇ, ਦਿਨ ਦੇ ਦੂਜੇ ਮੁਕਾਬਲੇ ’ਚ ਬੇਨਫਿਕਾ ਨੇ ਅਜਾਕਸ ਨੂੰ 1-0 ਨਾਲ ਹਰਾ ਦਿੱਤਾ। ਡਾਰਵਿਨ ਨੁਨੇਜ ਵੱਲੋਂ ਕੀਤੇ ਗਏ ਗੋਲ ਨਾਲ ਬੇਨਫਿਕਾ ਨੇ ਛੇ ਸਾਲਾਂ ’ਚ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨੁਨੇਜ ਨੇ 77ਵੇਂ ਮਿੰਟ ’ਚ ਸੱਜੇ ਪਾਸੇ ਤੋਂ ਫ੍ਰੀ ਕਿੱਕ ’ਤੇ ਹੈਡਰ ਲਗਾ ਕੇ ਗੋਲ ਕੀਤਾ, ਜਿਸ ਨਾਲ ਬੇਨਫਿਕਾ ਨੂੰ ਪੰਜਵੀਂ ਵਾਰ ਅੰਤਿਮ ਅੱਠ ’ਚ ਥਾਂ ਬਣਾਉਣ ਵਿਚ ਮਦਦ ਮਿਲੀ। ਪੁਰਤਗਾਲ ’ਚ ਪਹਿਲੇ ਗੇੜ ’ਚ ਟੀਮਾਂ ਨੇ 2-2 ਨਾਲ ਡਰਾਅ ਖੇਡਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।