ਸਪੈਸ਼ਲ ਓਲੰਪਿਕ ’ਚ ਦੇਸ਼ ਦਾ ਮਾਣ ਵਧਾਉਣਗੇ ਐਥਲੀਟ : ਠਾਕੁਰ
Saturday, Jun 10, 2023 - 04:39 PM (IST)
ਨਵੀਂ ਦਿੱਲੀ– ਕੇਂਦਰੀ ਯੂਥ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ 2023 ਸਪੈਸ਼ਲ ਓਲੰਪਿਕ ਗਰਮਰੁੱਤ ਖੇਡਾਂ ਲਈ ਭਾਰਤੀ ਟੀਮ ਨੂੰ ਵਿਦਾ ਕਰਦੇ ਹੋਏ ਭਰੋਸਾ ਜਤਾਇਆ ਹੈ ਕਿ ਭਾਰਤੀ ਐਥਲੀਟ ਜ਼ਰੂਰ ਦੇਸ਼ ਦਾ ਮਾਣ ਵਧਾਉਣਗੇ। ਸਪੈਸ਼ਲ ਓਲੰਪਿਕ ਭਾਰਤ ਨੇ ਬਰਲਿਨ ’ਚ ਹੋਣ ਵਾਲੀਆਂ ਖੇਡਾਂ ’ਚ ਹਿੱਸਾ ਲੈਣ ਲਈ 255 ਮੈਂਬਰੀ ਭਾਰਤੀ ਦਲ ਨੂੰ ਰਵਾਨਾ ਕਰਨ ਤੋਂ ਪਹਿਲਾਂ ਇੱਥੇ ਜਵਾਰਲਾਲ ਨਹਿਰੂ ਸਟੇਡੀਅਮ ਵਿਚ ਵਿਦਾਈ ਸਮਾਰੋਹ ਆਯੋਜਿਤ ਕੀਤੀ। ਭਾਰਤੀ ਦਲ ’ਚ ਸ਼ਾਮਲ ਖਿਡਾਰੀਆਂ ਲਈ ਇਕ ਮਸ਼ਾਲ ਰਿਲੇਅ ਦਾ ਆਯੋਜਨ ਵੀ ਕੀਤਾ ਗਿਆ ਸੀ, ਜਿਹੜੀ 26 ਮਈ ਨੂੰ ਦਿੱਲੀ ਵਿਚ ਸ਼ੁਰੂ ਹੋ ਕੇ ਪੂਰੇ ਭਾਰਤ ਦਾ ਦੌਰਾ ਕਰਦੇ ਹੋਏ ਦਿੱਲੀ ਵਿਚ ਹੀ ਖਤਮ ਹੋਈ।
ਵਿਦਾਈ ਸਮਾਰੋਹ ’ਚ ਸ਼੍ਰੀ ਠਾਕੁਰ ਮਸ਼ਾਲ ਰਿਲੇਅ ਦੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਸ਼੍ਰੀ ਠਾਕੁਰ ਨੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਏ ਕਿਹਾ,‘‘ਮੈਂ ਸਪੈਸ਼ਲ ਓਲੰਪਿਕ ਭਾਰਤ ਦੀ ਪ੍ਰਧਾਨ ਡਾ. ਮਲਿੱਕਾ ਨੱਡਾ ਨੂੰ ਸਾਲਾਂ ਤੋਂ ਉਨ੍ਹਾਂ ਦੇ ਜ਼ਬਰਦਸਤ ਕੰਮ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਅਸੀਂ 198 ਐਥਲੀਟ ਤੇ 57 ਕੋਚ ਤੇ ਮਨਜ਼ੂਰਸ਼ੁਦਾ ਹਿੱਸੇਦਾਰਾਂ ਦਾ ਭਾਰਤੀ ਦਲ ਬਰਲਿਨ ਭੇਜਣ ਵਿਚ ਸਮਰੱਥ ਹੈ। ਮੈਨੂੰ ਭਰੋਸਾ ਹੈ ਕਿ ਇਹ ਐਥਲੀਟ ਦੇਸ਼ ਨੂੰ ਸਨਮਾਨਿਤ ਕਰਨਗੇ।’’
ਇਹ ਵੀ ਪੜ੍ਹੋ : JioCinema ਦੀ ਤਰਜ਼ 'ਤੇ Disney+ Hotstar ਮੁਫ਼ਤ 'ਚ ਦਿਖਾਏਗਾ ICC ਵਿਸ਼ਵ ਕੱਪ ਅਤੇ ਏਸ਼ੀਆ ਕੱਪ
ਖੇਡ ਮੰਤਰੀ ਨੇ ਕਿਹਾ,‘‘ਅਸੀਂ ਪਿਛਲੇ ਕੁਝ ਸਾਲਾਂ ’ਚ ਖੇਡਾਂ ’ਚ ਜ਼ੋਰਦਾਰ ਵਿਕਾਸ ਦੇਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਸੀਂ ਬੀਤੇ ਕੁਝ ਸਾਲਾਂ ’ਚ ਬੁਨਿਆਦੀ ਢਾਂਚੇ ਨੂੰ ਲੈ ਕੇ ਵੀ ਵਿਕਾਸ ਦੇਖਿਆ ਹੈ। ਐਥਲੀਟਾਂ ਦੀ ਗਿਣਤੀ ਵਧੀ ਹੈ ਤੇ ਨਾਲ ਹੀ ਤਮਗਿਆਂ ਦੀ ਵੀ। ਹੁਣ ਸਾਡੇ ਐਥਲੀਟ ਪ੍ਰਮੁ੍ਰਖ ਆਯੋਜਨਾਂ ’ਚ ਤਮਗਾ ਜਿੱਤ ਰਹੇ ਹਨ। ਅਸੀਂ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ’ਚ ਵੀ ਇਸ ਕਾਰਨਾਮੇ ਨੂੰ ਜਾਰੀ ਰੱਖਾਂਗੇ।’’ ਇਸ ਮੌਕੇ ’ਤੇ ਭਾਰਤੀ ਓਲੰਪਿਕ ਸੰਘ (ਆਈ.ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਤੇ ਸਾਬਕਾ ਭਾਰਤੀ ਕ੍ਰਿਕਟਰ ਤੇ ਸਪੈਸ਼ਲ ਓਲੰਪਿਕ ਭਾਰਤ ਦਾ ਬ੍ਰੈਂਡ ਅੰਬੈਸਡਰ ਯੁਵਰਾਜ ਸਿੰਘ ਵੀ ਹਾਜ਼ਰ ਸੀ।
ਯੁਵਰਾਜ ਨੇ ਐਥਲੀਟਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ,‘‘ਦੇਸ਼ ਲਈ ਹਰ ਬੱਚਾ ਖਾਸ ਹੁੰਦਾ ਹੈ। ਇਹ ਸਾਰੇ ਐਥਲੀਟ ਅਸਲੀਅਤ ’ਚ ਸਾਡੇ ਸਾਰਿਆਂ ਲਈ ਖਾਸ ਹਨ। ਤੁਸੀਂ ਬਰਲਿਨ ’ਚ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕਰੋਗੇ। ਇਕ ਖਿਡਾਰੀ ਲਈ ਦੇਸ਼ ਦੀ ਪ੍ਰਤੀਨਿਧਤਾ ਕਰਨ ਤੋਂ ਵੱਡਾ ਸਨਮਾਨ ਤੇ ਮਾਣ ਦੀ ਗੱਲ ਹੋਰ ਨਹੀਂ ਹੈ। ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਤੁਸੀਂ ਬਰਲਿਨ ’ਚ ਸਪੈਸ਼ਲ ਓਲੰਪਿਕ ਖੇਡਾਂ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ ਤੇ ਦੇਸ਼ ਨੂੰ ਸਨਮਾਨਿਤ ਕਰੋ।’’ ਭਾਰਤੀ ਟੀਮ 17 ਤੋਂ 25 ਜੂਨ ਤਕ ਜਰਮਨੀ ਦੇ ਬਰਲਿਨ ’ਚ ਹੋਣ ਵਾਲੀਆਂ ਸਪੈਸ਼ਲ ਓਲੰਪਿਕ ਗਰਮਰੁੱਤ ਖੇਡਾਂ ਲਈ 12 ਜੂਨ ਨੂੰ ਰਵਾਨਾ ਹੋਵੇਗੀ। ਭਾਰਤੀ ਐਥਲੀਟ 16 ਖੇਡਾਂ ’ਚ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।