ਡ੍ਰੈਸਿੰਗ ਰੂਮ ਵਿਵਾਦ ’ਤੇ ਬੋਲੇ ਆਸਿਫ, ਅਖ਼ਤਰ ਨੂੰ ਮੂੰਹ ਬੰਦ ਰੱਖਣ ਦੀ ਦਿੱਤੀ ਸਲਾਹ
Friday, May 21, 2021 - 09:18 PM (IST)
ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ’ਚ ਹੋਏ ਝਗੜੇ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਬੀਤੇ ਦਿਨੀਂ ਸ਼ਾਹਿਦ ਅਫਰੀਦੀ ਨੇ ਇਕ ਸ਼ੋਅ ਦੌਰਾਨ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ 2007 ’ਚ ਮੁਹੰਮਦ ਆਸਿਫ ਤੇ ਸ਼ੋਇਬ ਅਖਤਰ ਆਪਸ ’ਚ ਭਿੜ ਗਏ ਸਨ। ਹਾਲਾਤ ਇੰਨੇ ਬੇਕਾਬੂ ਹੋ ਗਏ ਸਨ ਕਿ ਅਖਤਰ ਨੇ ਆਸਿਫ ਦੇ ਬੱਲਾ ਮਾਰ ਦਿੱਤਾ। ਹੁਣ ਇਸ ਮਾਮਲੇ ’ਚ ਮੁਹੰਮਦ ਆਸਿਫ ਵੀ ਬੋਲੇ ਹਨ। ਆਸਿਫ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਅਖ਼ਤਰ ਨੂੰ ਬੀਤੇ ਦਿਨ ਹੀ ਕਾਲ ਕੀਤੀ ਸੀ ਤੇ ਉਸ ਨੂੰ ਜ਼ੁਬਾਨ ਬੰਦ ਰੱਖਣ ਲਈ ਕਿਹਾ ਸੀ। ਦੱਸ ਦੇਈਏ ਕਿ ਅਫ਼ਰੀਦੀ ਨੇ ਇਸ ਮਾਮਲੇ ’ਤੇ ਬੋਲਦਿਆਂ ਕਿਹਾ ਸੀ ਕਿ ਉਹ ਉਸ ਵੇਲੇ ਡ੍ਰੈਸਿੰਗ ਰੂਮ ’ਚ ਸੀ। ਖਿਡਾਰੀ ਇਕ-ਦੂਜੇ ਦੀਆਂ ਲੱਤਾਂ ਖਿੱਚ ਰਹੇ ਸਨ। ਇਸੇ ਦੌਰਾਨ ਆਸਿਫ ਨੇ ਅਖ਼ਤਰ ’ਤੇ ਚੁਟਕਲਾ ਸੁਣਾ ਦਿੱਤਾ।
ਅਖ਼ਤਰ ਇਸ ਤੋਂ ਇੰਨਾ ਖਿਝ ਗਿਆ ਕਿ ਉਨ੍ਹਾਂ ਨੇ ਬੱਲਾ ਚੁੱਕਿਆ ਅਤੇ ਆਸਿਫ ਨੂੰ ਮਾਰ ਦਿੱਤਾ। ਦੱਸ ਦੇਈਏ ਕਿ ਇਸ ਮਾਮਲੇ ’ਤੇ ਅਖ਼ਤਰ ਨੇ ਆਪਣੀ ਬਾਇਓਗ੍ਰਾਫੀ ‘ਕੰਟ੍ਰੋਵਰਸ਼ੀਅਲ ਯੂਜ਼ਰਜ਼’ ’ਚ ਜ਼ਿਕਰ ਕੀਤਾ ਹੈ। ਹਾਲਾਂਕਿ ਅਖ਼ਤਰ ਨੇ ਇਸ ਮਾਮਲੇ ਸਬੰਧੀ ਅਫ਼ਰੀਦੀ ਦੇ ਰਵੱਈਏ ਨੂੰ ਦੋਸ਼ੀ ਠਹਿਰਾਇਆ ਸੀ। ਆਸਿਫ ਨੇ ਕਿਹਾ ਕਿ ਇਸ ਘਟਨਾ ਨੂੰ ਤਕਰੀਬਨ 14 ਸਾਲ ਹੋ ਚੁੱਕੇ ਹਨ। ਅਖ਼ਤਰ ਇਸ ਮਾਮਲੇ ਸਬੰਧੀ ਕਈ ਇੰਟਰਵਿਊ ’ਚ ਬੋਲ ਚੁੱਕੇ ਹਨ। ਉਹ ਹਰ ਵਾਰ ਨਵੇਂ ਤਰੀਕੇ ਨਾਲ ਗੱਲ ਰੱਖਦੇ ਹਨ। ਹੁਣ ਬੀਤੇ ਹੀ ਦਿਨਾਂ ’ਚ ਮੈਂ ਉਨ੍ਹਾਂ ਨੂੰ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਉਹ ਆਪਣੀ ਜ਼ੁਬਾਨ ਇਸ ਮੁੱਦੇ ’ਤੇ ਬੰਦ ਹੀ ਰੱਖੇ। ਇਹ ਬੀਤੀਆਂ ਗੱਲਾਂ ਹੋ ਗਈਆਂ ਹਨ। ਹੁਣ ਇਸ ’ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ । 38 ਸਾਲਾ ਆਸਿਫ ਨੇ ਕਿਹਾ ਕਿ ਸ਼ੋਇਬ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਜਾਂ ਚੇਅਰਮੈਨ ਬਣਨ ਦੇ ਸੁਫਨੇ ਨਹੀਂ ਲੈਣੇ ਚਾਹੀਦੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਬੱਚਿਆਂ ਨੂੰ ਟ੍ਰੇਨਿੰਗ ਦੇਣ।