ਮੀਰਾਬਾਈ ਦੀ ਅਗਵਾਈ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਭਾਰਤ ਦੀਆਂ ਨਜ਼ਰਾਂ ਓਲੰਪਿਕ ਕੁਆਲੀਫੀਕੇਸ਼ਨ ਰੈਂਕਿੰਗ ’ਤੇ
Friday, May 05, 2023 - 12:35 PM (IST)
ਜਿਨਜੂ/ਕੋਰੀਆ (ਭਾਸ਼ਾ)- ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਏਸ਼ੀਆਈ ਚੈਂਪੀਅਨਸ਼ਿਪ ’ਚ ਇਕ ਵਾਰ ਫਿਰ ਤੋਂ ਭਾਰਤੀ ਚੁਣੋਤੀ ਦੀ ਅਗਵਾਈ ਕਰੇਗੀ ਪਰ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਉਹ ਸਨੈਚ ਵਰਗ ’ਚ 90 ਕਿ. ਗ੍ਰਾ. ਦਾ ਭਾਰ ਚੁੱਕੇ। ਰਾਸ਼ਟਰਮੰਡਲ ਖੇਡਾਂ ਦੀ 2 ਵਾਰ ਦੀ ਚੈਂਪੀਅਨ ਨੇ ਦਸੰਬਰ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਆਪਣੇ ਪਿਛਲੇ ਮੁਕਾਬਲੇ ’ਚ 200 ਕਿ. ਗ੍ਰਾ. (87 ਕਿ. ਗ੍ਰਾ. 113 ਕਿ. ਗ੍ਰਾ.) ਦੇ ਸਮੁੱਚੇ ਯਤਨ ਦੇ ਨਾਲ ਚਾਂਦੀ ਤਮਗਾ ਜਿੱਤਿਆ ਸੀ।
ਉਹ ਉਸ ਦੇ 207 (88 ਕਿ. ਗ੍ਰਾ. 119 ਕਿ. ਗ੍ਰਾ.) ਦੇ ਵਿਅਕਤੀਗਤ ਸਰਵਸ਼੍ਰੇਸ਼ਠ ਤੋਂ ਕਾਫੀ ਘੱਟ ਸੀ ਅਤੇ ਸਾਬਕਾ ਵਿਸ਼ਵ ਚੈਂਪੀਅਨ ਵੇਟਲਿਫਟਰ ਇਸ ਵਾਰ ਵੀ 49 ਕਿ. ਗ੍ਰਾ. ਵਰਗ ’ਚ ਆਪਣੀ ਪੂਰੀ ਸਮਰੱਥਾ ਦਾ ਪ੍ਰੀਖਣ ਕਰਨ ਤੋਂ ਬਚਣਾ ਚਾਹੇਗੀ। ਓਲੰਪਿਕ ’ਚ ਅਜੇ ਲਗਭਗ ਇਕ ਸਾਲ ਦਾ ਸਮਾਂ ਬਚਿਆ ਹੈ ਅਤੇ ਏਸ਼ੀਆਈ ਖੇਡਾਂ ਦਾ ਆਯੋਜਨ ਸਤੰਬਰ ’ਚ ਹੋਵੇਗਾ। ਇਸ ਤਰ੍ਹਾਂ ਮਣੀਪੁਰ ਦੀ ਇਹ ਖਿਡਾਰਨ ਸਹੀ ਸਮੇਂ ’ਤੇ ਆਪਣੀ ਸਰਵਸ਼੍ਰੇਸ਼ਠ ਲੈਅ ਹਾਸਲ ਕਰਨੀ ਚਾਹੁੰਦੀ ਹੈ। ਮੀਰਾਬਾਈ ਨੇ ਪਿਛਲੀ ਵਾਰ ਇਸ ਮੁਕਾਬਲੇ ’ਚ 2021 ’ਚ ਹਿੱਸਾ ਲਿਆ ਸੀ। ਉਸ ਨੇ ਉਦੋਂ ਕਲੀਨ ਤੇ ਜਰਕ ’ਚ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ, ਜੋ ਹੁਣ ਵੀ ਬਰਕਰਾਰ ਹੈ।
ਭਾਰਤੀ ਟੀਮ : ਮੀਰਾਬਾਈ ਚਾਨੂ (49 ਕਿ. ਗ੍ਰਾ.), ਬਿੰਦਿਆਰਾਣੀ ਦੇਵੀ (55 ਕਿ. ਗ੍ਰਾ.), ਸ਼ੁਭਮ ਤਾਡਕਰ (61 ਕਿ. ਗ੍ਰਾ.), ਜੇਰੇਮੀ ਲਾਲਰਿਨੁੰਗਾ (67 ਕਿ. ਗ੍ਰਾ.), ਅਚਿੰਤ ਸ਼ਿਉਲੀ (73 ਕਿ. ਗ੍ਰਾ.), ਨਾਰਾਇਣ ਅਜੀਤ (73 ਕਿ. ਗ੍ਰਾ.)।