ਏਸ਼ੀਆਈ ਖੇਡਾਂ: ਚੀਨ ਤੋਂ 1-3 ਨਾਲ ਹਾਰ ਕੇ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਮਿਲਿਆ ਕਾਂਸੀ ਤਗਮਾ

Wednesday, Sep 23, 2026 - 05:01 PM (IST)

ਏਸ਼ੀਆਈ ਖੇਡਾਂ: ਚੀਨ ਤੋਂ 1-3 ਨਾਲ ਹਾਰ ਕੇ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਮਿਲਿਆ ਕਾਂਸੀ ਤਗਮਾ

ਨਾਗੋਆ : ਏਸ਼ੀਆਈ ਖੇਡਾਂ ਦੇ ਪੁਰਸ਼ ਬੈਡਮਿੰਟਨ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ ਚੀਨ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਸੰਤੋਖ ਕਰਨਾ ਪਿਆ। ਪਹਿਲੇ ਸਿੰਗਲਜ਼ ਮੁਕਾਬਲੇ ਵਿੱਚ ਲਕਸ਼ਿਆ ਸੇਨ ਨੂੰ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਸ਼ੀ ਯੂ ਕਿ ਤੋਂ 16-21, 18-21 ਨਾਲ ਹਾਰ ਮਿਲੀ। ਇਸ ਤੋਂ ਬਾਅਦ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸ਼ਾਨਦਾਰ ਵਾਪਸੀ ਕਰਵਾਉਂਦਿਆਂ ਮੌਜੂਦਾ ਵਿਸ਼ਵ ਚੈਂਪੀਅਨ ਲਿਆਂਗ ਵੇਈ ਕੈਂਗ ਅਤੇ ਵਾਂਗ ਚਾਂਗ ਦੀ ਜੋੜੀ ਨੂੰ 21-11, 22-20 ਨਾਲ ਹਰਾ ਕੇ ਮੁਕਾਬਲਾ 1-1 ਦੀ ਬਰਾਬਰੀ 'ਤੇ ਲਿਆਂਦਾ। ਹਾਲਾਂਕਿ, ਦੂਜੇ ਸਿੰਗਲਜ਼ ਮੈਚ ਵਿੱਚ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਨੂੰ ਲੀ ਸ਼ੀ ਫੈਂਗ ਹੱਥੋਂ 19-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਭਾਰਤ ਮੁੜ 1-2 ਨਾਲ ਪੱਛੜ ਗਿਆ।

ਫੈਸਲਾਕੁੰਨ ਡਬਲਜ਼ ਮੁਕਾਬਲੇ ਵਿੱਚ ਹਰੀਹਰਨ ਅਮਸਾਕਰੁਣਨ ਅਤੇ ਐੱਮ.ਆਰ. ਅਰਜੁਨ ਦੀ ਜੋੜੀ ਨੇ ਜ਼ਬਰਦਸਤ ਟੱਕਰ ਦਿੱਤੀ, ਪਰ ਉਹ ਹੇ ਜੀ ਟਿੰਗ ਅਤੇ ਲਿਊ ਯੀ ਦੀ ਚੀਨੀ ਜੋੜੀ ਤੋਂ 21-16, 17-21, 21-9 ਨਾਲ ਹਾਰ ਗਏ, ਜਿਸ ਨਾਲ ਚੀਨ ਨੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਭਾਰਤ ਨੇ 2023 ਦੀਆਂ ਹਾਂਗਝੂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਹਾਰ ਦੇ ਬਾਵਜੂਦ ਭਾਰਤੀ ਪੁਰਸ਼ ਟੀਮ ਲਈ ਇਹ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਭਾਰਤ ਨੇ 40 ਸਾਲਾਂ ਵਿੱਚ ਪਹਿਲੀ ਵਾਰ ਲਗਾਤਾਰ ਦੋ ਏਸ਼ੀਆਈ ਖੇਡਾਂ ਵਿੱਚ ਟੀਮ ਈਵੈਂਟ ਦਾ ਤਗਮਾ ਜਿੱਤਿਆ ਹੈ; ਇਸ ਤੋਂ ਪਹਿਲਾਂ ਭਾਰਤ ਨੇ 1982 ਅਤੇ 1986 ਦੀਆਂ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਨ।


author

Tarsem Singh

Content Editor

Related News