ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਅਤੇ ਪੁਰਸ਼ ਸਕੀਟ ਟੀਮਾਂ ਨੇ ਜਿੱਤੇ ਕਾਂਸੀ ਤਗਮੇ
Wednesday, Sep 23, 2026 - 11:29 AM (IST)
ਨਾਗੋਆ : ਭਾਰਤੀ ਪੁਰਸ਼ ਅਤੇ ਮਹਿਲਾ ਸਕੀਟ ਟੀਮਾਂ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ। ਤਿੰਨ ਦਿਨਾਂ ਦੇ ਕੁਆਲੀਫਿਕੇਸ਼ਨ ਦੌਰ ਤੋਂ ਬਾਅਦ, ਰਾਇਜ਼ਾ ਢਿੱਲੋਂ, ਮਾਹੇਸ਼ਵਰੀ ਚੌਹਾਨ ਅਤੇ ਪਰਿਨਾਜ਼ ਧਾਲੀਵਾਲ ਦੀ ਭਾਰਤੀ ਮਹਿਲਾ ਸਕੀਟ ਟੀਮ ਨੇ 331 ਦੇ ਸਾਂਝੇ ਸਕੋਰ ਨਾਲ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਚੀਨ (357) ਨੇ ਸੋਨੇ ਅਤੇ ਕਜ਼ਾਖਸਤਾਨ (336) ਨੇ ਚਾਂਦੀ ਦਾ ਤਗਮਾ ਜਿੱਤਿਆ।
ਸਕੀਟ ਈਵੈਂਟ ਵਿੱਚ ਹਰੇਕ ਨਿਸ਼ਾਨੇਬਾਜ਼ ਨੂੰ 125 ਵਿੱਚੋਂ ਵੱਧ ਤੋਂ ਵੱਧ ਅੰਕ ਹਾਸਲ ਕਰਨੇ ਹੁੰਦੇ ਹਨ। ਪਰਿਨਾਜ਼ ਅਤੇ ਰਾਇਜ਼ਾ ਦੋਵਾਂ ਨੇ 125 ਵਿੱਚੋਂ 111-111 ਅੰਕ, ਜਦੋਂ ਕਿ ਮਾਹੇਸ਼ਵਰੀ ਨੇ 109 ਅੰਕ ਹਾਸਲ ਕਰਕੇ ਤਗਮਾ ਪੱਕਾ ਕੀਤਾ। ਰਾਇਜ਼ਾ ਅਤੇ ਪਰਿਨਾਜ਼ ਨੇ ਵੱਖਰੇ ਤੌਰ 'ਤੇ ਵਿਅਕਤੀਗਤ ਫਾਈਨਲ ਵਿੱਚ ਵੀ ਜਗ੍ਹਾ ਬਣਾਈ। ਕੁਆਲੀਫਾਇੰਗ ਦੌਰ ਵਿੱਚ ਰਾਇਜ਼ਾ ਅੱਠਵੇਂ ਅਤੇ ਪਰਿਨਾਜ਼ ਨਵੇਂ ਸਥਾਨ 'ਤੇ ਰਹੀਆਂ।
ਦੂਜੇ ਪਾਸੇ, ਅਨੰਤਜੀਤ ਸਿੰਘ ਨਰੂਕਾ, ਮੈਰਾਜ ਅਹਿਮਦ ਖਾਨ ਅਤੇ ਭਵਤੇਗ ਸਿੰਘ ਗਿੱਲ ਦੀ ਪੁਰਸ਼ ਟੀਮ ਨੇ 346 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਅਨੰਤਜੀਤ ਨੇ ਵੀ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ 119 ਸਕੋਰ ਬਣਾਏ, ਜਦੋਂ ਕਿ ਮੈਰਾਜ ਨੇ 116 ਅਤੇ ਭਵਤੇਗ ਨੇ 111 ਸਕੋਰ ਕੀਤੇ।ਇਨ੍ਹਾਂ ਤਗਮਿਆਂ ਨਾਲ ਹੁਣ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਖਾਤੇ ਵਿੱਚ ਕੁੱਲ ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਹੋ ਗਏ ਹਨ।
