ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਭਾਰਤ 27 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ
Monday, Jul 17, 2023 - 11:29 AM (IST)
ਬੈਂਕਾਕ (ਭਾਸ਼ਾ)– ਆਭਾ ਖਟੂਆ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਹੈਰਾਨ ਕਰਦੇ ਹੋਏ ਮਹਿਲਾ ਸ਼ਾਟਪੁੱਟ ਪ੍ਰਤੀਯੋਗਿਤਾ ’ਚ 18.06 ਮੀਟਰ ਦੇ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਚਾਂਦੀ ਤਮਗਾ ਆਪਣੇ ਨਾਂ ਕੀਤਾ ਜਦਕਿ ਜਯੋਤੀ ਯਾਰਾਜੀ ਤੇ ਪਾਰੁਲ ਚੌਧਰੀ ਨੇ ਪ੍ਰਤੀਯੋਗਿਤਾ ’ਚ ਆਪਣਾ ਦੂਜਾ ਤਮਗਾ ਜਿੱਤਿਆ। ਭਾਰਤ ਮੁਕਾਬਲੇ ਵਿਚ 27 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ। ਭਾਰਤ ਨੇ ਮੁਕਾਬਲਿਆਂ ਦੇ ਆਖ਼ਰੀ ਦਿਨ 8 ਚਾਂਦੀ ਅਤੇ 5 ਕਾਂਸੀ ਤਮਗਿਆਂ ਨਾਲ ਕੁੱਲ 13 ਤਮਗੇ ਜਿੱਤੇ। ਆਭਾ ਨੇ 17.13 ਮੀਟਰ ਦੇ ਆਪਣੇ ਪਿਛਲੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ’ਚ ਲਗਭਗ 1 ਮੀਟਰ (93 ਸੈਂਟੀਮੀਟਰ) ਦਾ ਸੁਧਾਰ ਕਰਦੇ ਹੋਏ 4 ਕਿਲੋ ਦੇ ਗੋਲ ਨੂੰ ਆਪਣੀ ਚੌਥੀ ਕੋਸ਼ਿਸ਼ ’ਚ 18.06 ਮੀਟਰ ਦੀ ਦੂਰੀ ਤਕ ਸੁੱਟਿਆ। ਆਭਾ ਦੀ ਦੂਜੀ ਸਰਵਸ੍ਰੇਸ਼ਠ ਕੋਸ਼ਿਸ਼ 17.10 ਮੀਟਰ ਰਹੀ। ਆਭਾ ਨੇ ਤਜਰਬੇਕਾਰ ਮਨਪ੍ਰੀਤ ਕੌਰ ਦੇ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕੀਤੀ, ਜਿਹੜੀ 17 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਮਗਾ ਜਿੱਤਣ ’ਚ ਸਫਲ ਰਹੀ।
ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ
ਲੌਂਗ ਜੰਪ ਦੀ ਦੌੜਾਕ ਪਾਰੁਲ ਚੌਧਰੀ ਨੇ ਵੀ 500 ਮੀਟਰ ਦੌੜ ’ਚ ਚਾਂਦੀ ਤਮਗੇ ਨਾਲ ਆਪਣਾ ਦੂਜਾ ਤਮਗਾ ਜਿੱਤਿਆ। ਸ਼ੁੱਕਰਵਾਰ ਨੂੰ 3000 ਮੀਟਰ ਸਟੀਪਲਚੇਜ਼ ’ਚ ਸੋਨ ਤਮਗਾ ਜਿੱਤਣ ਵਾਲੇ ਪਾਰੁਲ ਨੇ 5000 ਮੀਟਰ ’ਚ 15 ਮਿੰਟ 52.35 ਸਕਿੰਟ ਦੇ ਸਮੇਂ ਨਾਲ ਚਾਂਦੀ ਤਮਗਾ ਜਿੱਤਿਆ। ਪਾਰੁਲ ਦੇ ਨਾਂ ’ਤੇ 5000 ਮੀਟਰ ਪ੍ਰਤੀਯੋਗਿਤਾ ਦਾ ਰਾਸ਼ਟਰੀ ਰਿਕਾਰਡ ਹੈ, ਜਿਹੜਾ 15 ਮਿੰਟ 10.35 ਸੈਕੰਡ ਦਾ ਹੈ। ਅੰਕਿਤਾ ਨੇ ਇਸ ਪ੍ਰਤੀਯੋਗਿਤਾ ’ਚ 16 ਮਿੰਟ 3.33 ਸਕਿੰਟ ਦੇ ਨਾਲ ਕਾਂਸੀ ਤਮਗਾ ਜਿੱਤਿਆ। ਵੀਰਵਾਰ ਨੂੰ ਏਸ਼ੀਆਈ ਚੈਂਪੀਅਨਸ਼ਿਪ ਦੀ 100 ਮੀਟਰ ਅੜਿੱਕਾ ਦੌੜ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਜਯੋਤੀ ਨੇ 23.13 ਸਕਿੰਟ ਦੇ ਸਮੇਂ ਨਾਲ 200 ਮੀਟਰ ਦਾ ਵੀ ਚਾਂਦੀ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ’ਚ 10 ਕਿ. ਮੀ. ਪੈਦਲ ਚਾਲ ’ਚ ਚਾਂਦੀ ਤਮਗਾ ਜਿੱਤਣ ਵਾਲੀ ਪ੍ਰਿਯੰਕਾ ਤੇ ਵਿਕਾਸ 17 ਤੋਂ 29 ਅਗਸਤ ਤਕ ਹੰਗਰੀ ਬੁਡਾਪੇਸਟ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੇ 2024 ’ਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਪਹਿਲਾਂ ਹੀ ਕੁਅਲੀਫਾਈ ਕਰ ਚੁੱਕੇ ਹਨ।
ਇਨ੍ਹਾਂ ਨੇ ਵੀ ਜਿੱਤੇ ਤਮਗੇ
- ਪੁਰਸ਼ ਜੈਵਲਿਨ ਥ੍ਰੋਅ ’ਚ ਡੀ. ਪੀ. ਮਨੂ ਨੇ 81.01 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਤਮਗਾ ਜਿੱਤਿਆ ਜਦਕਿ ਗੁਲਵੀਰ ਸਿੰਘ 5000 ਮੀਟਰ ਦੌੜ ’ਚ 13 ਮਿੰਟ 48.33 ਸਕਿੰਟ ਦੇ ਸਮੇਂ ਨਾਲ ਕਾਂਸੀ ਤਮਗਾ ਜਿੱਤਣ ’ਚ ਸਫਲ ਰਿਹਾ।
- ਕਿਸ਼ਨ ਕੁਮਾਰ ਤੇ ਕੇ. ਐੱਮ. ਚੰਦਾ ਨੇ ਆਪਣਾ ਨਿੱਜੀ ਪ੍ਰਦਰਸ਼ਨ ਕਰਦੇ ਹੋਏ ਪੁਰਸ਼ ਤੇ ਮਹਿਲਾ 800 ਮੀਟਰ ਦੌੜ ’ਚ ਚਾਂਦੀ ਤਮਗੇ ਜਿੱਤੇ। ਕਿਸ਼ਨ ਇਕ ਮਿੰਟ 45.88 ਸਕਿੰਟ ਦੇ ਸਮੇਂ ਨਾਲ ਕਤਰ ਦੇ ਅਬੂਬਾਕਰ ਐੱਚ. ਅਬਦਾਲਾ (ਇਕ ਮਿੰਟ 45.5 ਸਕਿੰਟ ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਚੰਦਾ ਨੇ ਮਹਿਲਾਵਾਂ ਦੀ 800 ਮੀਟਰ ਦੌੜ ’ਚ 2 ਮਿੰਟ 1.58 ਸਕਿੰਟ ਦਾ ਸਮਾਂ ਲਿਆ। ਕਿਸ਼ਨ ਦਾ ਇਸ ਤੋਂ ਪਹਿਲਾਂ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 1 ਮਿੰਟ 46.17 ਸਕਿੰਟ ਜਦਕਿ ਚੰਦਾ ਦਾ ਦੋ ਮਿੰਟ 1.58 ਸਕਿੰਟ ਸੀ।
- ਪ੍ਰਿਯੰਕਾ ਗੋਸਵਾਮੀ ਤੇ ਵਿਕਾਸ ਸਿੰਘ ਨੇ ਕ੍ਰਮਵਾਰ ਮਹਿਲਾਵਾਂ ਤੇ ਪੁਰਸ਼ਾਂ ਦੀ 20 ਕਿ. ਮੀ. ਪੈਦਲ ਚਾਲ ਪ੍ਰਤੀਯੋਗਿਤਾ ’ਚ ਚਾਂਦੀ ਤੇ ਕਾਂਸੀ ਤਮਗੇ ਜਿੱਤੇ। ਰਾਸ਼ਟਰੀ ਰਿਕਾਰਡ ਧਾਰਕ ਪ੍ਰਿਯੰਕਾ ਨੇ ਮਹਿਲਾਵਾਂ ਦੀ 20 ਕਿ. ਮੀ. ਪੈਦਲ ਚਾਲ ’ਚ ਇਕ ਘੰਟਾ 34 ਮਿੰਟ ਤੇ 24 ਸਕਿੰਟ ਦਾ ਸਮਾਂ ਲੈ ਕੇ ਚੀਨ ਦੀ ਯਾਂਗ ਲਿਓਜਿੰਗ (1:32.37) ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਪ੍ਰਿਯੰਕਾ ਦ ਸਰਵਸ੍ਰੇਸ਼ਠ ਸਮਾਂ ਇਕ ਘੰਟਾ 28 ਮਿੰਟ ਤੇ 45 ਸਕਿੰਟ ਹੈ। ਇਸ ਪ੍ਰਤੀਯੋਗਿਤਾ ’ਚ ਹਿੱਸਾ ਲੈ ਰਹੀ ਇਕ ਹੋਰ ਭਾਰਤੀ ਭਾਵਨਾ ਜਾਟ ਇਕ ਘੰਟਾ, 38 ਮਿੰਟ ਤੇ 26 ਸਕਿੰਟ ਦਾ ਸਮਾਂ ਲੈ ਕੇ 5ਵੇਂ ਸਥਾਨ ’ਤੇ ਰਹੀ।
- ਪੁਰਸ਼ਾਂ ਦੀ 20 ਕਿ. ਮੀ. ਪੈਦਲ ਚਾਲ ’ਚ ਵਿਕਾਸ ਨੇ ਇਕ ਘੰਟਾ 29 ਮਿੰਟ ਤੇ 32 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਤਮਗਾ ਹਾਸਲ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।