ਏਸ਼ੀਆ ਦੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੁਲਤਵੀ

08/12/2020 8:17:43 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਕਾਰਣ 2022 ਫੀਫਾ ਵਿਸ਼ਵ ਕੱਪ ਦੇ ਏਸ਼ੀਆਈ ਕੁਆਲੀਫਾਈਗ ਮੁਕਾਬਲੇ 2021 ਲਈ ਮੁਲਤਵੀ ਹੋਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਇਸ ਸਾਲ ਕੋਈ ਮੈਚ ਨਹੀਂ ਖੇਡੇਗੀ। ਏਸ਼ੀਆਈ ਫੁੱਟਬਾਲ ਪਰਿਸੰਘ (ਏ. ਐੱਫ. ਸੀ.) ਨੇ 2022 ਵਿਸ਼ਵ ਕੱਪ ਤੇ 2023 ਏਸ਼ੀਆਈ ਕੱਪ ਦੇ ਅਕਤੂਬਰ ਤੇ ਨਵੰਬਰ ’ਚ ਹੋਣ ਵਾਲੇ ਸਾਰੇ ਪੁਰਸ਼ ਕੁਆਲੀਫਾਇਰ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਭਾਰਤ ਨੇ ਪਿਛਲਾ ਕੌਮਾਂਤਰੀ ਮੁਕਾਬਲਾ ਪਿਛਲੇ ਸਾਲ ਨਵੰਬਰ ’ਚ ਮਸਕਟ ’ਚ ਓਮਾਨ ਵਿਰੁੱਧ ਖੇਡਿਆ ਸੀ, ਜੋ ਕੁਆਲੀਫਾਈਗ ਮੈਚ ਸੀ। ਭਾਰਤ ਇਹ ਮੈਚ 0-1 ਨਾਲ ਹਾਰ ਗਿਆ ਸੀ।
ਭਾਰਤ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਦੌਰ ’ਚ ਜਗ੍ਹਾ ਬਣਾਉਣ ਦੀ ਦੌੜ ’ਚੋਂ ਬਾਹਰ ਹੋ ਚੁੱਕਾ ਪਰ ਅਜੇ ਵੀ 2023 ਏਸ਼ੀਆਈ ਕੱਪ ਲਈ ਕੁਆਲੀਫਾਈ ਕਰਨ ਦੀ ਦੌੜ ’ਚ ਬਣਿਆ ਹੋਇਆ ਹੈ। ਟੀਮ ਨੇ 8 ਅਕਤੂਬਰ ਨੂੰ ਦੇਸ਼ ’ਚ ਕਤਰ ਨਾਲ ਭਿੜਣਾ ਸੀ ਜਦਕਿ ਇਸ ਤੋਂ ਬਾਅਦ ਨਵੰਬਰ ’ਚ ਅਫਗਾਨਿਸਤਾਨ ਵਿਰੁੱਧ ਦੇਸ਼ ’ਚ ਅਤੇ ਬੰਗਲਾਦੇਸ਼ ਵਿਰੁੱਧ ਉਨ੍ਹਾਂ ਦੀ ਧਰਤੀ ’ਤੇ ਮੁਕਾਬਲੇ ਖੇਡਣੇ ਸਨ। ਭਾਰਤ ਜੇ ਗਰੁੱਪ ’ਚ ਤੀਜੇ ਨੰਬਰ ’ਤੇ ਰਹਿੰਦਾ ਹੈ ਤਾਂ 2023 ਏਸ਼ੀਆਈ ਕੱਪ ਕੁਆਲੀਫਾਇਰ ਦੇ ਤੀਜੇ ਦੌਰ ’ਚ ਸਿੱਧਾ ਦਾਖਲ ਹੋ ਜਾਵੇਗਾ।
ਖੇਡ ਦੀ ਸੰਸਾਰਿਕ ਸੰਸਥਾ ਫੀਫਾ ਅਤੇ ਏ. ਐੱਫ. ਸੀ. ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਨਾਲ ਜੁੜੇ ਹਾਲਾਤ ਦੇਖਦੇ ਹੋਏ ਫੀਫਾ ਤੇ ਏਸ਼ੀਆਈ ਫੁੱਟਬਾਲ ਪਰੀਸੰਘ ਨੇ ਸਾਂਝੇ ਤੌਰ ’ਤੇ ਫੈਸਲਾ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ ਕਤਰ 2022 ਅਤੇ ਏ. ਐੱਫ. ਸੀ. ਏਸ਼ੀਆਈ ਕੱਪ ਚੀਨ 2023 ਦੇ ਹੋਣ ਵਾਲੇ ਕੁਆਲੀਫਾਈਗ ਮੁਕਾਬਲੇ 2021 ’ਚ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਅਜੇ 5 ਮੈਚਾਂ ’ਚ 3 ਅੰਕਾਂ ਨਾਲ ਗਰੁੱਪ ਈ ’ਚ ਚੌਥੇ ਸਥਾਨ ’ਤੇ ਹੈ। ਕਤਰ 13 ਅੰਕਾਂ ਨਾਲ ਸਿਖਰ ’ਤੇ ਜਦਕਿ ਓਮਾਨ ਉਸ ਤੋਂ ਇਕ ਅੰਕ ਪਿੱਛੇ ਦੂਜੇ ਸਥਾਨ ’ਤੇ ਹੈ।


Gurdeep Singh

Content Editor

Related News