ਕ੍ਰਿਕਟ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਮਹੀਨੇ ਹੋਵੇਗਾ ਏਸ਼ੀਆ ਕੱਪ, ਪਾਕਿਸਤਾਨੀ ਖ਼ੇਮੇ ਨੂੰ ਝਟਕਾ

Thursday, Jan 05, 2023 - 03:51 PM (IST)

ਕ੍ਰਿਕਟ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਮਹੀਨੇ ਹੋਵੇਗਾ ਏਸ਼ੀਆ ਕੱਪ, ਪਾਕਿਸਤਾਨੀ ਖ਼ੇਮੇ ਨੂੰ ਝਟਕਾ

ਨਵੀਂ ਦਿੱਲੀ— ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਨੇ ਵੀਰਵਾਰ ਨੂੰ ਕਿਹਾ ਕਿ 50 ਓਵਰਾਂ ਦੇ ਫਾਰਮੈਟ 'ਚ ਖੇਡਿਆ ਜਾਣ ਵਾਲਾ ਏਸ਼ੀਆ ਕੱਪ ਇਸ ਸਾਲ ਸਤੰਬਰ 'ਚ ਹੋਵੇਗਾ, ਹਾਲਾਂਕਿ ਇਸ ਦੇ ਕਾਰਜਕ੍ਰਮ ਅਤੇ ਮੇਜ਼ਬਾਨ ਦੇਸ਼ ਦਾ ਐਲਾਨ ਹੋਣਾ ਬਾਕੀ ਹੈ ਭਾਵ ਪਾਕਿਸਤਾਨੀ ਖ਼ੇਮੇ ਲਈ ਬੁਰੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਇਸ ਸਾਲ ਏਸ਼ੀਆ ਕੱਪ ਦਾ ਅਸਲ ਮੇਜ਼ਬਾਨ ਹੈ ਪਰ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਉੱਥੇ ਖੇਡਣ ਦਾ ਇੱਛੁਕ ਨਹੀਂ ਹੈ। ACC ਵੱਲੋਂ ਅਜੇ ਸਥਾਨ ਦਾ ਐਲਾਨ ਨਾ ਕਰਨਾ ਦਰਸਾਉਂਦਾ ਹੈ ਕਿ ਪਾਕਿਸਤਾਨ ਵਿੱਚ ਏਸ਼ੀਆ ਕੱਪ ਦਾ ਆਯੋਜਨ ਹੋਣਾ ਮੁਸ਼ਕਲ ਹੋ ਸਕਦਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਤਤਕਾਲੀ ਚੇਅਰਮੈਨ ਰਮੀਜ਼ ਰਾਜਾ ਨੇ ਬੀਸੀਸੀਆਈ ਦੇ ਸਟੈਂਡ ਦਾ ਵਿਰੋਧ ਕੀਤਾ ਅਤੇ ਭਾਰਤ ਵਿੱਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੇ ਬਾਈਕਾਟ ਦੀ ਧਮਕੀ ਵੀ ਦਿੱਤੀ। ਹਾਲਾਂਕਿ ਪੀਸੀਬੀ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਰਮੀਜ਼ ਦੀ ਥਾਂ ਨਜਮ ਸੇਠੀ ਦੇ ਆਉਣ ਨਾਲ ਇਸ ਵਿੱਚ ਕੁਝ ਸਕਾਰਾਤਮਕ ਵਿਕਾਸ ਹੋ ਸਕਦਾ ਹੈ। ਏਸ਼ੀਆ ਕੱਪ 2023 ਵਿੱਚ ਛੇ ਟੀਮਾਂ ਹੋਣਗੀਆਂ ਜਿਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਇੱਕ ਕੁਆਲੀਫਾਇਰ ਟੀਮ ਨੂੰ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਵਿਰਾਟ-ਰੋਹਿਤ ਨਹੀਂ ਜਿਤਾ ਪਾਉਣਗੇ ਵਿਸ਼ਵ ਕੱਪ, ਜਾਣੋ ਕਪਿਲ ਦੇਵ ਨੇ ਕਿਉਂ ਕੀਤਾ ਅਜਿਹਾ ਦਾਅਵਾ

ਸ਼੍ਰੀਲੰਕਾ ਏਸ਼ੀਆ ਕੱਪ ਦਾ ਡਿਫੈਂਡਿੰਗ ਚੈਂਪੀਅਨ ਹੈ। ਉਸ ਨੇ ਪਿਛਲੇ ਸਾਲ ਯੂਏਈ ਵਿੱਚ ਟੀ-20 ਫਾਰਮੈਟ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਭਾਰਤ ਇਸ ਸਾਲ ਦੇ ਅੰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਏਸ਼ੀਆ ਕੱਪ ਉਸੇ ਫਾਰਮੈਟ ਵਿੱਚ ਆਯੋਜਿਤ ਕੀਤਾ ਜਾਵੇਗਾ। 

ਅਗਲੇ ਦੋ ਸਾਲਾਂ ਲਈ ਕੈਲੰਡਰ ਜਾਰੀ ਕਰਦੇ ਹੋਏ, ਬੀਸੀਸੀਆਈ ਸਕੱਤਰ ਅਤੇ ਏਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ, “ਇਹ ਸਮਾਗਮ ਖੇਡ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਸਾਡੇ ਬੇਮਿਸਾਲ ਯਤਨਾਂ ਅਤੇ ਜਨੂੰਨ ਨੂੰ ਦਰਸਾਉਂਦਾ ਹੈ। ਇਹ ਕ੍ਰਿਕਟ ਲਈ ਚੰਗਾ ਸਮਾਂ ਹੈ।'' ਏਸੀਸੀ ਵੱਲੋਂ ਐਲਾਨੇ ਗਏ ਦੋ ਸਾਲਾਂ ਦੇ ਚੱਕਰ (2023-2024 ਵਿਚਕਾਰ) ਦੌਰਾਨ ਕੁੱਲ 145 ਵਨਡੇ ਅਤੇ ਟੀ-20 ਖੇਡੇ ਜਾਣਗੇ। 2023 ਵਿੱਚ 75 ਅਤੇ 2024 ਵਿੱਚ 70 ਮੈਚ ਹੋਣਗੇ। ਇਸ ਤੋਂ ਇਲਾਵਾ , ਐਮਰਜਿੰਗ (ਅੰਡਰ-23) ਏਸ਼ੀਆ ਕੱਪ ਵੀ ਕੈਲੰਡਰ 'ਤੇ ਵਾਪਸ ਆ ਗਿਆ ਹੈ। ਪੁਰਸ਼ਾਂ ਦੀਆਂ ਅੱਠ ਟੀਮਾਂ ਦਾ ਟੂਰਨਾਮੈਂਟ ਇਸ ਸਾਲ ਜੁਲਾਈ 'ਚ 50 ਓਵਰਾਂ ਦੇ ਫਾਰਮੈਟ 'ਚ ਖੇਡਿਆ ਜਾਵੇਗਾ। ਅਗਲੇ ਸਾਲ ਦਸੰਬਰ 'ਚ ਇਹ ਟੂਰਨਾਮੈਂਟ ਟੀ-20 ਫਾਰਮੈਟ 'ਚ ਹੋਵੇਗਾ। ਇਸ ਸਾਲ ਜੂਨ ਵਿੱਚ ਹੋਣ ਵਾਲਾ ਮਹਿਲਾ ਐਮਰਜਿੰਗ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਹੋਵੇਗਾ ਅਤੇ ਇਸ ਵਿੱਚ ਅੱਠ ਟੀਮਾਂ ਸ਼ਾਮਲ ਹੋਣਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News