Asia Cup, IND Vs SL : ਟੀਮ ਦੀ ਚੋਣ 'ਤੇ ਭੜਕੇ ਹਰਭਜਨ, ਇਨ੍ਹਾਂ ਧਾਕੜ ਖਿਡਾਰੀਆਂ ਦੇ ਨਾ ਹੋਣ 'ਤੇ ਚੁੱਕੇ ਸਵਾਲ
Wednesday, Sep 07, 2022 - 03:38 PM (IST)
ਨਵੀਂ ਦਿੱਲੀ- ਭਾਰਤ ਨੂੰ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਟੂਰਨਾਮੈਂਟ ਦੇ ਸੁਪਰ-4 ਦੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਟੀਮ ਇੰਡੀਆ ਦੀ ਖ਼ਰਾਬ ਗੇਂਦਬਾਜ਼ੀ ਇਕ ਵਾਰ ਫਿਰ ਸਾਹਮਣੇ ਆਈ ਅਤੇ ਉਹ ਸ਼੍ਰੀਲੰਕਾ ਦੇ ਸਾਹਮਣੇ 173 ਦੌੜਾਂ ਦੇ ਸੰਘਰਸ਼ਪੂਰਨ ਸਕੋਰ ਦਾ ਬਚਾਅ ਨਹੀਂ ਕਰ ਸਕੀ। ਸ਼੍ਰੀਲੰਕਾ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ ਟੀਮ ਇੰਡੀਆ ਦੇ ਫਾਈਨਲ ਵਿੱਚ ਪਹੁੰਚਣ ਦਾ ਰਾਹ ਲਗਭਗ ਬੰਦ ਕਰ ਦਿੱਤਾ ਹੈ।
ਟੀਮ ਇੰਡੀਆ ਦੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਪ੍ਰਸ਼ੰਸਕਾਂ ਸਮੇਤ ਕਈ ਸਾਬਕਾ ਧਾਕੜ ਟੀਮ ਦੀ ਚੋਣ 'ਤੇ ਸਵਾਲ ਚੁੱਕ ਰਹੇ ਹਨ। ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਸ ਹਾਰ ਤੋਂ ਬਾਅਦ ਮੈਨੇਜਮੈਂਟ ਨੂੰ ਲੰਮੇਂ ਹੱਥੀ ਲੈਂਦਿਆਂ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰਭਜਨ ਨੇ ਟੀਮ ਮੈਨੇਜਮੈਂਟ ਨੂੰ ਸਵਾਲ ਕੀਤਾ ਕਿ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲਾ ਉਮਰਾਨ ਮਲਿਕ ਕਿੱਥੇ ਹੈ? ਟੀਮ ਦੇ ਸਵਿੰਗ ਗੇਂਦਬਾਜ਼ ਦੀਪਕ ਚਾਹਰ ਕਿਉਂ ਨਹੀਂ ਖੇਡ ਰਹੇ ਹਨ? ਕੀ ਇਹ ਖਿਡਾਰੀ ਟੀਮ ਵਿੱਚ ਜਗ੍ਹਾ ਦੇ ਹੱਕਦਾਰ ਨਹੀਂ ਹਨ? ਦਿਨੇਸ਼ ਕਾਰਤਿਕ ਨੂੰ ਲਗਾਤਾਰ ਮੌਕੇ ਕਿਉਂ ਨਹੀਂ ਮਿਲ ਰਹੇ? ਇਨ੍ਹਾਂ ਸਾਰੇ ਸਵਾਲਾਂ ਤੋਂ ਬਾਅਦ ਆਖਿਰਕਾਰ ਹਰਭਜਨ ਨੇ ਕਿਹਾ ਹੈ ਕਿ ਇਹ ਨਿਰਾਸ਼ਾਜਨਕ ਹੈ।
ਇਹ ਵੀ ਪੜ੍ਹੋ : ਅਰਸ਼ਦੀਪ ਦੇ ਹੱਕ 'ਚ ਨਿੱਤਰੇ ਪੰਜਾਬੀ ਕਲਾਕਾਰ, ਦਿਲਜੀਤ ਤੇ ਜੈਜ਼ੀ ਬੀ ਸਣੇ ਕਈ ਗਾਇਕਾਂ ਨੇ ਵਧਾਇਆ ਹੌਸਲਾ
ਹਰਭਜਨ ਸਿੰਘ ਨੇ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਨਾ ਕੀਤੇ ਜਾਣ 'ਤੇ ਨਿਰਾਸ਼ਾ ਜਤਾਈ। ਹਰਭਜਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਸ਼ਾਨਦਾਰ ਫਾਰਮ 'ਚ ਚੱਲ ਰਹੇ ਕਾਰਤਿਕ ਦੀ ਜਗ੍ਹਾ ਦੀਪਕ ਹੁੱਡਾ ਨੂੰ ਕਿਵੇਂ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁੱਡਾ ਵੀ ਚੰਗੇ ਬੱਲੇਬਾਜ਼ ਹਨ, ਉਨ੍ਹਾਂ ਦਾ ਸਮਾਂ ਵੀ ਆਵੇਗਾ ਪਰ ਫਿਲਹਾਲ ਕਾਰਤਿਕ ਨੂੰ ਬਾਹਰ ਰੱਖਣਾ ਮੇਰੀ ਸਮਝ ਤੋਂ ਬਾਹਰ ਹੈ।
ਹਰਭਜਨ ਨੇ ਬੱਲੇਬਾਜ਼ੀ ਕ੍ਰਮ 'ਚ ਬਦਲਾਅ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮਿਡਲ ਆਰਡਰ ਅਤੇ ਟਾਪ ਆਰਡਰ ਇਕੱਠੇ ਕੰਮ ਨਹੀਂ ਕਰਦੇ। ਜਦੋਂ ਚੋਟੀ ਦਾ ਕ੍ਰਮ ਚਲਦਾ ਹੈ, ਕੋਈ ਮੱਧ ਕ੍ਰਮ ਨਹੀਂ ਹੁੰਦਾ ਹੈ, ਅਤੇ ਜਦੋਂ ਮੱਧ ਕ੍ਰਮ ਚਲਾਇਆ ਜਾਂਦਾ ਹੈ, ਤਾਂ ਕੋਈ ਚੋਟੀ ਦਾ ਕ੍ਰਮ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਈਸ਼ਾਨ ਕਿਸ਼ਨ ਅਤੇ ਸ਼ਿਖਰ ਧਵਨ ਵਰਗੇ ਖਿਡਾਰੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਧਵਨ ਆਈ. ਪੀ. ਐੱਲ. 'ਚ ਲਗਾਤਾਰ ਸਕੋਰ ਕਰਦਾ ਹੈ ਅਤੇ ਇਹ ਲਗਾਤਾਰ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।