ਏਸ਼ੀਆ ਕੱਪ : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ 4-1 ਨਾਲ ਹਰਾਇਆ

10/31/2017 2:56:19 AM

ਜਾਪਾਨ— ਭਾਰਤੀ ਮਹਿਲਾ ਹਾਕੀ ਟੀਮ ਨੇ ਇਥੇ ਮਹਿਲਾ ਏਸ਼ੀਆ ਕੱਪ 'ਚ ਹਰਫਨਮੌਲਾ ਖੇਡ ਦਿਖਾਉਂਦੇ ਹੋਏ ਸੋਮਵਾਰ ਆਪਣੇ ਪੂਲ-ਏ ਦੇ ਦੂਜੇ ਮੈਚ 'ਚ ਚੀਨ ਨੂੰ 4-1 ਨਾਲ ਹਰਾ ਕੇ ਆਪਣੀ ਅਜੇਤੂ ਲੈਅ ਬਰਕਰਾਰ ਰੱਖੀ। ਕਾਕਾਮਿਗਾਹਾਰਾ ਕਾਵਾਸਕੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿਚ ਭਾਰਤੀ ਮਹਿਲਾਵਾਂ ਨੇ ਪੂਰੀ ਤਰ੍ਹਾਂ ਵਿਰੋਧੀ ਟੀਮ 'ਤੇ ਆਪਣਾ ਦਬਦਬਾ ਬਣਾਇਆ ਤੇ ਗੁਰਜੀਤ ਕੌਰ ਨੇ 19ਵੇਂ, ਨਵਜੋਤ ਕੌਰ ਨੇ 32ਵੇਂ, ਨੇਹਾ ਗੋਇਲ ਨੇ 49ਵੇਂ ਤੇ ਰਾਣੀ ਨੇ 58ਵੇਂ ਮਿੰਟ 'ਚ ਗੋਲ ਕਰਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾ ਦਿੱਤੀ। ਮਹਿਲਾ ਹਾਕੀ ਟੀਮ ਨੇ ਆਪਣੇ ਓਪਨਿੰਗ ਮੈਚ 'ਚ ਸਿੰਗਾਪੁਰ ਨੂੰ 10-0 ਨਾਲ ਹਰਾਇਆ ਸੀ। ਭਾਰਤੀ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਬਣਾਉਂਦਿਆਂ 15ਵੇਂ ਮਿੰਟ 'ਚ ਹੀ ਪੈਨਲਟੀ ਕਾਰਨਰ ਹਾਸਲ ਕਰਦਿਆਂ ਚੀਨ 'ਤੇ ਦਬਾਅ ਬਣਾ ਦਿੱਤਾ, ਹਾਲਾਂਕਿ ਇਹ ਪੈਨਲਟੀ ਚੀਨ ਨੇ ਬੇਕਾਰ ਕਰ ਦਿੱਤੀ ਤੇ ਪਹਿਲਾ ਕੁਆਰਟਰ ਗੋਲ-ਰਹਿਤ ਰਿਹਾ ਪਰ ਦੂਜੇ ਕੁਆਰਟਰ 'ਚ ਡ੍ਰੈਗ ਫਲਿੱਕ ਮਾਹਿਰ ਗੁਰਜੀਤ ਨੇ ਪੈਨਲਟੀ 'ਤੇ ਗੋਲ ਕਰ ਕੇ ਭਾਰਤ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ।
ਮੈਚ 'ਚ 10ਵੇਂ ਮਿੰਟ ਦੀ ਬ੍ਰੇਕ ਤੋਂ ਬਾਅਦ ਭਾਰਤ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਤੇ 32ਵੇਂ ਮਿੰਟ 'ਚ ਨਵਜੋਤ ਨੇ ਦੂਜਾ ਗੋਲ ਕਰ ਦਿੱਤਾ। ਹਾਲਾਂਕਿ ਰੱਖਿਆ ਲਾਈਨ ਦੀ ਗਲਤੀ ਨਾਲ 38ਵੇਂ ਮਿੰਟ ਵਿਚ ਭਾਰਤ ਨੇ ਇਕ ਪੈਨਲਟੀ ਕਾਰਨਰ ਗੁਆ ਦਿੱਤਾ ਤੇ ਚੀਨ ਨੇ ਬਿਨਾਂ ਗਲਤੀ ਦੇ ਕਿਊਸ਼ੀਆ ਕੂਈ ਦੀ ਮਦਦ ਨਾਲ ਇਸ ਦਾ ਫਾਇਦਾ ਚੁੱਕਦੇ ਹੋਏ ਸਕੋਰ 1-2 ਕਰ  ਦਿੱਤਾ। ਮੈਚ ਦੇ ਆਖਰੀ ਮਿੰਟਾਂ ਵਿਚ ਦੋਵਾਂ ਟੀਮਾਂ ਵਿਚਾਲੇ ਕਾਫੀ ਸੰਘਰਸ਼ਪੂਰਨ ਮੁਕਾਬਲਾ ਰਿਹਾ ਤੇ 49ਵੇਂ ਮਿੰਟ 'ਚ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕਰਦਿਆਂ ਚੀਨੀ ਗੋਲਕੀਪਰ ਜਿਆਓ ਯੀ ਨੂੰ ਝਕਾਨੀ ਦਿੰਦਿਆਂ 3-1 ਨਾਲ ਟੀਮ ਨੂੰ ਮਹੱਤਵਪੂਰਨ ਬੜ੍ਹਤ ਦਿਵਾ ਦਿੱਤੀ। ਮੈਚ ਦੇ ਆਖਰੀ 10 ਮਿੰਟਾਂ 'ਚ ਦੋਵਾਂ ਟੀਮਾਂ ਨੇ ਪੈਨਲਟੀ ਕਾਰਨਰ ਲਈ ਕਾਫੀ ਸੰਘਰਸ਼ ਕੀਤਾ। ਭਾਰਤ ਨੇ ਦੋ ਤੇ ਚੀਨ ਨੇ ਇਸ ਦੌਰਾਨ ਇਕ ਪੈਨਲਟੀ ਹਾਸਲ ਕੀਤੀ। ਭਾਰਤੀ ਕਪਤਾਨ ਰਾਣੀ ਨੇ 58ਵੇਂ ਮਿੰਟ 'ਚ ਫਿਰ ਜ਼ਬਰਦਸਤ ਮੈਦਾਨੀ ਗੋਲ ਕਰਦਿਆਂ ਸਕੋਰ 4-1 ਕਰ ਦਿੱਤਾ ਤੇ ਭਾਰਤ ਨੇ ਇਸ ਸਕੋਰ ਦੇ ਨਾਲ ਆਪਣੀ ਜਿੱਤ ਤੈਅ ਕੀਤੀ। ਭਾਰਤ ਮੰਗਲਵਾਰ ਮਲੇਸ਼ੀਆ ਵਿਰੁੱਧ ਪੂਲ-ਏ 'ਚ ਆਪਣਾ ਤੀਜਾ ਤੇ ਆਖਰੀ ਮੈਚ ਖੇਡਣ ਉਤਰੇਗਾ।


Related News