ਏਸ਼ੀਆ ਕੱਪ : ਪਾਕਿਸਤਾਨ ਤੋਂ ਪਹਿਲਾਂ ਭਾਰਤ ਨੂੰ ਗਰਮੀ ''ਤੇ ਹਾਸਲ ਕਰਨੀ ਹੋਵੇਗੀ ਫਤਿਹ
Wednesday, Sep 19, 2018 - 03:25 PM (IST)

ਨਵੀਂ ਦਿੱਲੀ— ਭਾਰਤ ਨੇ ਹਾਂਗਕਾਂਗ ਖਿਲਾਫ ਇਕ ਮੁਸ਼ਕਲ ਮਕਾਬਲੇ 'ਚ ਜਿੱਤ ਹਾਸਲ ਕਰਕੇ ਏਸ਼ੀਆ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੰਨਿਆ ਜਾ ਰਿਹਾ ਸੀ ਕਿ ਭਾਰਤੀ ਟੀਮ ਹਾਂਗਕਾਂਗ ਨਾਲ ਮੈਚ ਨੂੰ ਜਲਦੀ ਖਤਮ ਕਰ ਦੇਵੇਗੀ। ਪਰ ਭਾਰਤੀ ਟੀਮ ਨੂੰ ਜਿੱਤ ਲਈ ਕਾਫੀ ਪਸੀਨਾ ਵਹਾਉਣਾ ਪਿਆ ਅਤੇ ਇਸ ਥਕਾਉਣ ਵਾਲੇ ਮੁਕਾਬਲੇ ਦੇ ਹੋਣ ਦੇ ਕੁਝ ਘੰਟਿਆਂ ਬਾਅਦ ਭਾਰਤ ਨੂੰ ਪਾਕਿਸਤਾਨ ਖਿਲਾਫ ਅਹਿਮ ਮੁਕਾਬਲਾ ਖੇਡਣਾ ਹੈ। ਜਿਸ ਦਾ ਲੰਮੇ ਸਮੇਂ ਤੋਂ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਹਾਂਗਕਾਂਗ ਖਿਲਾਫ ਮੈਚ ਖਤਮ ਹੋਏ ਹੁਣ 24 ਘੰਟੇ ਵੀ ਨਹੀਂ ਹੋਏ ਕਿ ਪਾਕਿਸਤਾਨ ਦੀ ਟੀਮ ਪੂਰੀ ਤਰਾ ਨਾਲ ਤਿਆਰ ਹੈ। ਭਾਰਤ ਦੇ ਸਾਹਮਣੇ ਅਜਿਹੇ ਥਕਾਉ ਹਾਲਤ 'ਚ ਪਾਕਿਸਤਾਨ ਦੀ ਚੁਣੌਤੀ ਤਾਂ ਹੈ ਹੀ ਪਰ ਉਸ ਤੋਂ ਵੱਡੀ ਚੁਣੌਤੀ ਮੌਸਮ ਦੀ ਹੈ। ਜਿਸ ਨੂੰ ਪਾਕਿਸਤਾਨ ਤੋਂ ਪਹਿਲਾਂ ਹਰਾਉਣ ਦੀ ਲੋੜ ਹੈ।
ਦੁਬਈ 'ਚ ਇਸ ਸਮੇਂ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਹੋ ਰਿਹਾ ਹੈ, ਭਾਵ ਦਿਨ ਕਾਫੀ ਗਰਮ ਹੋ ਰਿਹਾ ਹੈ। ਹਾਲਾਂਕਿ ਇਹ ਤਾਪਮਾਨ ਸਾਰੀਆਂ ਟੀਮਾਂ ਲਈ ਇਕੋ ਹੀ ਹੈ। ਪਰ ਇਸ ਦੇ ਬਾਵਜੂਦ 40 ਡਿਗਰੀ ਦਾ ਕਹਿਰ ਭਾਰਤੀ ਟੀਮ 'ਤੇ ਸਭ ਤੋਂ ਜ਼ਿਆਦਾ ਪੈਂਦਾ ਦਿੱਖ ਰਿਹਾ ਹੈ। ਦਰਅਸਲ ਭਾਰਤੀ ਟੀਮ ਕਰੀਬ 2 ਮਹੀਨੇ ਇੰਗਲੈਂਡ 'ਚ ਰਹਿ ਕੇ ਸਿੱਧੀ ਦੁਬਈ ਪਹੁੰਚੀ ਹੈ ਅਤੇ ਇੰਗਲੈਂਡ ਦਾ ਤਾਪਮਾਨ 20 ਡਿਗਰੀ ਦੇ ਆਸ ਪਾਸ ਹੈ। ਦੋ ਮਹੀਨੇ ਕਿਸੇ ਟੀਮ ਵਿਅਕਤੀ ਲਈ ਉਸ ਮੌਸਮ 'ਚ ਢਾਲਣ ਲਈ ਕਾਫੀ ਹੁੰਦੇ ਹਨ। 3 ਜਲਾਈ ਤੋਂ 11 ਸਤੰਬਰ ਤੱਕ ਇੰਗਲੈਂਡ ਦੇ ਨਾਲ 3 ਟੀ 20, 3 ਵਨ ਡੇ ਅਤੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਕੇ ਭਾਰਤੀ ਟੀਮ 15 ਸਤੰਬਰ ਤੋਂ ਦੁਬਈ 'ਚ ਸ਼ੁਰੂ ਹੋਏ ਏਸ਼ੀਆ ਕੱਪ 'ਚ ਹਿੱਸਾ ਲੈਣ ਪਹੁੰਚੀ, ਜਿੱਥੇ ਉਨ੍ਹਾਂ ਨੂੰ ਤਾਪਮਾਨ ਨਾਲ ਤਾਲਮੇਲ ਬਿਠਾਉਣ 'ਚ ਮੁਸ਼ਕਲ ਹੋ ਰਹੀ ਹੈ, ਸਿਰਫ ਤਾਪਮਾਨ ਹੀ ਨਹੀਂ ਸਗੋਂ ਉਨ੍ਹਾਂ ਨੂੰ ਦੌਰੇ ਦੇ ਬਾਅਦ ਆਰਾਮ ਕਰਨ ਦਾ ਮੌਕਾ ਵੀ ਨਹੀਂ ਮਿਲ ਸਕਿਆ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਨੂੰ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ, ਪਰ ਰੋਹਿਤ ਸ਼ਰਮਾ, ਸ਼ਿਖਰ ਧਵਨ, ਕੁਲਦੀਪ ਯਾਦਵ ਇੱਥੇ ਟੀਮ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ। ਰੋਹਿਤ ਨੇ ਇੰਗਲੈਂਡ ਦੇ ਖਿਲਾਫ ਟੀ-20 ਅਤੇ ਵਨਡੇ ਸੀਰੀਜ਼, ਧਵਨ ਨੇ ਟੀ-20, ਵਨ ਡੇ ਅਤੇ ਚਾਰ ਟੈਸਟ ਮੈਚ, ਕੁਲਦੀਪ ਨੇ ਟੀ-20, ਵਨਡੇ ਅਤੇ ਇਕ ਟੈਸਟ ਮੈਚ ਖੇਡਿਆ।