ਅਸ਼ਵਿਨ ਨੇ ਆਸਟ੍ਰੇਲੀਆ ਖ਼ਿਲਾਫ਼ 100 ਟੈਸਟ ਵਿਕਟਾਂ ਕੀਤੀਆਂ ਪੂਰੀਆਂ
Friday, Feb 17, 2023 - 04:22 PM (IST)

ਨਵੀਂ ਦਿੱਲੀ (ਵਾਰਤਾ)- ਭਾਰਤ ਦੇ ਦਿੱਗਜ ਹਰਫਨਮੌਲਾ ਰਵੀਚੰਦਰਨ ਅਸ਼ਵਿਨ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਇਕ ਹੋਰ ਉਪਲੱਬਧੀ ਜੋੜਦੇ ਹੋਏ ਸ਼ੁੱਕਰਵਾਰ ਨੂੰ ਬਾਰਡਰ-ਗਾਵਸਕਰ ਟਰਾਫੀ 'ਚ 100 ਵਿਕਟਾਂ ਪੂਰੀਆਂ ਕਰ ਲਈਆਂ। ਅਸ਼ਵਿਨ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਵਿੱਚ ਐਲੇਕਸ ਕੈਰੀ ਨੂੰ ਆਊਟ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਉਸ ਨੇ ਮਾਰਨਸ ਲਾਬੂਸ਼ੇਨ ਅਤੇ ਸਟੀਵ ਸਮਿਥ ਦੀਆਂ ਵਿਕਟਾਂ ਲਈਆਂ ਸਨ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਇਸ ਸੀਰੀਜ਼ 'ਚ ਅਸ਼ਵਿਨ ਨੇ ਕੁੱਲ 20 ਮੈਚ ਖੇਡ ਕੇ 29.38 ਦੀ ਔਸਤ ਨਾਲ 100 ਵਿਕਟਾਂ ਲਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸ਼ਵਿਨ ਨੇ ਪਿਛਲੇ ਹਫ਼ਤੇ ਨਾਗਪੁਰ 'ਚ ਖੇਡੇ ਗਏ ਟੈਸਟ 'ਚ ਆਪਣੀਆਂ 450 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਸਨ। ਉਹ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਸੂਚੀ 'ਚ ਅਨਿਲ ਕੁੰਬਲੇ (619) ਤੋਂ ਪਿੱਛੇ ਹੈ।