ਐਸ਼ ਬਾਰਟੀ ਨੇ ਜਿੱਤਿਆ ਆਸਟ੍ਰੇਲੀਆ ਓਪਨ ਦਾ ਮਹਿਲਾ ਸਿੰਗਲ ਖ਼ਿਤਾਬ
Sunday, Jan 30, 2022 - 10:12 AM (IST)
ਮੈਲਬੌਰਨ- ਵਿਸ਼ਵ ਦੀ ਨੰਬਰ-1 ਟੈਨਿਸ ਖਿਡਾਰਨ ਆਸਟ੍ਰੇਲੀਆ ਦੀ ਐਸ਼ ਬਾਰਟੀ ਨੇ ਫਾਈਨਲ ਵਿਚ ਅਮਰੀਕਾ ਦੀ ਡੇਨੀਅਲ ਕੋਲਿੰਸ ਨੂੰ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਵਰਗ ਦਾ ਖ਼ਿਤਾਬ ਜਿੱਤਿਆ। ਬਾਰਟੀ ਨੇ ਇਹ ਮੁਕਾਬਲਾ ਸਿਰਫ਼ ਇਕ ਘੰਟੇ 27 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 6-3, 7-6 (2) ਨਾਲ ਜਿੱਤਿਆ। ਬਾਰਟੀ ਨੇ ਇਸ ਨਾਲ ਹੀ ਕਿਸੇ ਮਹਿਲਾ ਆਸਟ੍ਰਲੀਆਈ ਖਿਡਾਰੀ ਵੱਲੋਂ ਇਹ ਟੂਰਨਾਮੈਂਟ ਜਿੱਤਣ ਦਾ 44 ਸਾਲ ਦਾ ਸੋਕਾ ਖ਼ਤਮ ਕੀਤਾ।
ਇਹ ਵੀ ਪੜ੍ਹੋ : ਬੁਰਜ ਖਲੀਫਾ 'ਤੇ ਇੰਨੀ ਰਕਮ ਖ਼ਰਚ ਕੇ ਰੋਨਾਲਡੋ ਨੇ ਕੀਤਾ ਗਰਲਫ੍ਰੈਂਡ ਨੂੰ ਬਰਥਡੇ ਵਿਸ਼ (ਦੇਖੋ ਵੀਡੀਓ)
ਬਾਰਟੀ ਤੋਂ ਪਹਿਲਾਂ 1978 ਵਿਚ ਆਸਟ੍ਰੇਲੀਆ ਦੀ ਕ੍ਰਿਸ ਓ ਨੀਲ ਨੇ ਇੱਥੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ। ਬਾਰਟੀ 1980 ਵਿਚ ਵੇਂਡੀ ਟਰਨਬੁਲ ਤੋਂ ਬਾਅਦ ਆਸਟ੍ਰੇਲੀਅਨ ਓਪਨ ਦੇ ਸਿੰਗਲਜ਼ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਆਸਟ੍ਰੇਲਿਆਈ ਮਹਿਲਾ ਬਣੀ ਸੀ। ਬਾਰਟੀ ਨੂੰ ਪਹਿਲਾ ਸੈੱਟ ਜਿੱਤਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ। ਬਾਰਟੀ ਇਸ ਸੈੱਟ ਵਿਚ ਪਹਿਲਾਂ 3-2 ਨਾਲ ਅੱਗੇ ਸੀ ਫਿਰ ਉਨ੍ਹਾਂ ਨੇ ਅਗਲੇ ਦੋ ਅੰਕ ਵੀ ਆਪਣੇ ਨਾਂ ਕਰ ਕੇ ਸਕੋਰ 5-2 ਕੀਤਾ। ਆਖ਼ਰ ਬਾਰਟੀ ਨੇ ਇਸ ਸੈੱਟ ਨੂੰ ਇਕ ਸਰਵਿਸ ਬ੍ਰੇਕ ਨਾਲ 6-3 ਨਾਲ ਜਿੱਤਿਆ। ਹਾਲਾਂਕਿ ਦੂਜੇ ਸੈੱਟ ਵਿਚ ਕੋਲਿੰਸ ਨੇ ਵਾਪਸੀ ਕੀਤੀ ਤੇ ਬਾਰਟੀ ਦੇ ਸਾਹਮਣੇ ਕੁਝ ਚੁਣੌਤੀ ਪੇਸ਼ ਕੀਤੀ।
ਬਾਰਟੀ ਦੂਜੀ ਤੇ ਛੇਵੀਂ ਗੇਮ ਵਿਚ ਸਰਵਿਸ ਗੁਆਉਣ ਤੋਂ ਬਾਅਦ 1-5 ਨਾਲ ਪੱਛੜ ਗਈ। ਕੋਲਿੰਸ ਕੋਲ ਇਸ ਸੈੱਟ ਨੂੰ ਜਿੱਤਣ ਦੇ ਦੋ ਮੌਕੇ ਸਨ ਪਰ ਦੋਵਾਂ ਵਾਰ ਉਨ੍ਹਾਂ ਦੀ ਸਰਵਿਸ ਟੁੱਟ ਗਈ। ਬਾਰਟੀ ਨੇ ਫਿਰ ਲਗਾਤਾਰ ਚਾਰ ਅੰਕ ਹਾਸਲ ਕੀਤੇ ਤੇ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਅਗਲੀ ਗੇਮ ਕੋਲਿੰਸ ਨੇ ਜਿੱਤੀ ਪਰ ਬਾਰਟੀ ਨੇ ਫਿਰ ਸਕੋਰ 6-6 ਕੀਤਾ। ਸੈੱਟ ਆਖ਼ਰ ਟਾਈਬ੍ਰੇਕਰ ’ਚ ਪੁੱਜਾ। ਇੱਥੇ ਬਾਰਟੀ ਨੇ 4-0 ਦੀ ਬੜ੍ਹਤ ਜਲਦ ਹਾਸਲ ਕਰ ਲਈ। ਕੋਲਿੰਸ ਨੇ ਵੀ ਕੁਝ ਕੋਸ਼ਿਸ਼ ਕੀਤੀ ਪਰ ਬਾਰਟੀ ਦਾ ਤਜਰਬਾ ਕੋਲਿੰਸ ’ਤੇ ਭਾਰੀ ਪਿਆ ਤੇ ਆਸਟ੍ਰੇਲਿਆਈ ਖਿਡਾਰਨ ਨੇ ਇਸ ਸੈੱਟ ਨੂੰ 7-6 (2) ਨਾਲ ਆਪਣੇ ਨਾਂ ਕਰ ਕੇ ਮੈਚ ਤੇ ਖ਼ਿਤਾਬ ਜਿੱਤਿਆ। ਬਾਰਟੀ ਦੇ ਕਰੀਅਰ ਦਾ ਇਹ ਤੀਜਾ ਗਰੈਂਡ ਸਲੈਮ ਖ਼ਿਤਾਬ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ਵਿਚ ਫਰੈਂਚ ਓਪਨ ਤੇ 2021 ਵਿਚ ਵਿੰਬਲਡਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।