ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ AS Roma ਕਰੇਗਾ ਟੀ-ਸ਼ਰਟਾਂ ਦੀ ਨਿਲਾਮੀ

Friday, Aug 24, 2018 - 03:58 PM (IST)

ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ AS Roma ਕਰੇਗਾ ਟੀ-ਸ਼ਰਟਾਂ ਦੀ ਨਿਲਾਮੀ

ਨਵੀਂ ਦਿੱਲੀ— ਇਟਲੀ ਦੀਆਂ ਵੱਡੀਆਂ ਫੁੱਟਬਾਲ ਟੀਮਾਂ 'ਚੋਂ ਇਕ ਏ.ਐੱਸ. ਰੋਮਾ ਨੇ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਟੀਮ ਦੀ ਟੀ-ਸ਼ਰਟ ਨੂੰ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਟੀਮ ਨੇ ਅਧਿਕਾਰਤ ਟਵਿੱਟਰ ਹੈਂਡਲ ਦੇ ਜ਼ਰੀਏ ਕਿਹਾ, ''ਇਸ ਸੈਸ਼ਨ 'ਚ ਏ.ਐੱਸ. ਰੋਮਾ ਦੇ ਸੀਰੀਜ਼ ਏ (ਇਟਲੀ ਦੀ ਘਰੇਲੂ ਲੜੀ) ਦੇ ਪਹਿਲੇ ਘਰੇਲੂ ਮੈਚ ਦੇ ਬਾਅਦ ਪੰਜ ਮੈਚਾਂ 'ਚ ਖਿਡਾਰੀਆਂ ਵੱਲੋਂ ਪਹਿਨੀਆਂ ਗਈਆਂ ਟੀ-ਸ਼ਰਟਾਂ ਨੂੰ ਨਿਲਾਮ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਤੋਂ ਇਕੱਠਾ ਹੋਇਆ ਪੈਸਾ ਕੇਰਲ ਨੂੰ ਦਿੱਤਾ ਜਾਵੇਗਾ।'' ਏ.ਐੱਸ. ਰੋਮਾ ਆਪਣਾ ਪਹਿਲਾ ਘਰੇਲੂ ਮੈਚ 28 ਅਗਸਤ ਨੂੰ ਅਟਲਾਂਟਾ ਬੀ.ਸੀ. ਦੇ ਖਿਲਾਫ ਖੇਡੇਗੀ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵੀ ਕੇਰਲ ਦੇ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ।
 

ਇਕ ਹੋਰ ਟਵੀਟ 'ਚ ਟੀਮ ਨੇ ਕਿਹਾ, ''ਏ.ਐੱਸ. ਰੋਮਾ ਨਾਲ ਜੁੜਿਆ ਹਰ ਕੋਈ ਕੇਰਲ ਦੇ ਹੜ੍ਹ ਪ੍ਰਭਾਵਿਤਾਂ ਦੇ ਨਾਲ ਖੜ੍ਹਾ ਹੈ। ਅਸੀਂ ਅਧਿਕਾਰੀਆਂ ਦੇ ਨਾਲ ਸੰਪਰਕ 'ਚ ਹਾਂ ਕਿ ਹੜ੍ਹ ਪੀੜਤਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਪ੍ਰਸ਼ੰਸਕ ਡੋਨੇਸ਼ਨ ਡਾਟ ਸੀਐੱਮਡੀਆਰਐੱਫ ਡਾਟ ਕੇਰਲ ਡਾਟ ਜੀਓਵੀ ਡਾਟ ਇਨ ਦੇ ਜ਼ਰੀਏ ਦਾਨ ਕਰ ਸਕਦੇ ਹਨ।'' ਇਸ ਤੋਂ ਪਹਿਲਾਂ ਇੰਗਲਿਸ਼ ਪ੍ਰੀਮੀਅਰ ਲੀਗ ਦੀ ਟੀਮ ਲੀਵਰਪੂਲ ਐੱਫ.ਸੀ. ਨੇ ਕੇਰਲ ਦੇ ਲੋਕਾਂ ਦੇ ਨਾਲ ਇਕਜੁਟਤਾ ਦਿਖਾਉਂਦੇ ਹੋਏ ਪ੍ਰਸ਼ੰਸਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ। ਟੀਮ ਨੇ ਟਵੀਟ ਕੀਤਾ, ਅਸੀਂ ਕੇਰਲ ਦੇ ਹੜ੍ਹ ਪੀੜਤ ਲੋਕਾਂ ਦੇ ਨਾਲ ਖੜ੍ਹੇ ਹਾਂ। ਜੋ ਮਦਦ ਕਰਨਾ ਚਾਹੁੰਦੇ ਹਨ ਉਹ ਸਾਡੇ ਸਥਾਨਕ ਸਮਰਥਕ ਕਲੱਬ ਕੇਰਲ ਰੇਡਸ ਨਾਲ ਸੰਪਰਕ ਕਰ ਸਕਦੇ ਹਨ।''
 

ਸਪੇਨ ਦੇ ਲਾ ਲਿਗਾ ਦੇ ਜੇਤੂ ਕਲੱਬ ਐੱਫ.ਸੀ. ਬਾਰਸੀਲੋਨਾ ਨੇ ਵੀ ਹੜ੍ਹ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਬਾਰਸੀਲੋਨਾ ਦੀ ਟੀਮ ਨੇ ਫੇਸਬੁੱਕ 'ਤੇ ਲਿਖਿਆ, ''ਐੱਫ.ਸੀ. ਬਾਰਸੀਲੋਨਾ ਭਾਰਤ 'ਚ ਹੜ੍ਹ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਾ ਹੈ।'' ਕੇਰਲ ਦੇ ਤਬਾਹਕੁੰਨ ਹੜ੍ਹ 'ਚ ਪਿਛਲੇ 15 ਦਿਨਾਂ 'ਚ 231 ਲੋਕਾਂ ਦੀ ਮੌਤ ਹੋਈ ਹੈ ਜਦਕਿ 14 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।  

 

 


Related News