ਤੀਰਅੰਦਾਜ਼ੀ ਵਿਸ਼ਵ ਕੱਪ : ਦੀਪਿਕਾ ਅਤੇ ਅਭਿਸ਼ੇਕ ਫਾਈਨਲ ''ਚ

06/23/2018 12:33:32 PM

ਨਵੀਂ ਦਿੱਲੀ— ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਅਭਿਸ਼ੇਕ ਵਰਮਾ ਨੇ ਅਮਰੀਕਾ ਦੇ ਸਾਲਟ ਲੇਕ 'ਚ ਚਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਅਤੇ ਉਹ ਸੋਨ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਹਨ। ਦੀਪਿਕਾ ਨੇ ਰਿਕਰਵ ਅਤੇ ਅਭਿਸ਼ੇਕ ਨੇ ਕੰਪਾਊਂਡ ਪੁਰਸ਼ ਦੇ ਫਾਈਨਲ 'ਚ ਜਗ੍ਹਾ ਬਣਾਈ ਹੈ। ਦੀਪਿਕਾ ਦਾ 2013 ਦੇ ਬਾਅਦ ਤੋਂ ਇਹ ਪਹਿਲਾ ਫਾਈਨਲ ਹੈ ਜਦਕਿ ਅਭਿਸ਼ੇਕ 2015 ਦੇ ਬਾਅਦ ਪਹਿਲੀ ਵਾਰ ਫਾਈਨਲ ਰਾਊਂਡ 'ਚ ਪਹੁੰਚੇ ਹਨ। ਇਸ ਤੋਂ ਇਲਾਵਾ ਦੀਪਿਕਾ ਅਤੇ ਅਤਾਨੂ ਦਾਸ ਅਤੇ ਅਭਿਸ਼ੇਕ ਅਤੇ ਸੁਰੇਖਾ ਦੀ ਟੀਮ ਮਿਕਸਡ ਮੁਕਾਬਲਿਆਂ 'ਚ ਕਾਂਸੀ ਤਮਗਿਆਂ ਦੇ ਲਈ ਖੇਡਣਗੇ। ਸ਼ੰਘਾਈ 'ਚ 2013 'ਚ ਫਾਈਨਲ 'ਚ ਖੇਡਣ ਦੇ ਬਾਅਦ ਆਪਣਾ ਫਾਈਨਲ ਖੇਡ ਰਹੀ ਦੀਪਿਕਾ ਚਾਰ ਵਾਰ ਦੀ ਵਿਸ਼ਵ ਕੱਪ ਚਾਂਦੀ ਤਮਗਾ ਜੇਤੂ ਹੈ ਅਤੇ ਸੋਨ ਤਮਗੇ ਲਈ ਉਨ੍ਹਾਂ ਦਾ ਸਾਹਮਣਾ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨਾਲ ਹੋਵੇਗਾ।  

ਦੀਪਿਕਾ ਨੇ ਸੈਮੀਫਾਈਨਲ 'ਚ ਗੈਬਰੀਏਲਾ ਬੇਆਰਦੋ ਨੂੰ ਅੰਕਾਂ ਦੇ ਆਧਾਰ 'ਤੇ 6-4 ਨਾਲ ਹਰਾਇਆ। ਉਨ੍ਹਾਂ ਨੇ ਇਹ ਮੁਕਾਬਲਾ 27-28, 28-22, 23-26, 28-24, 27-23 ਨਾਲ ਜਿੱਤਿਆ। ਅਭਿਸ਼ੇਕ ਦਾ ਫਾਈਨਲ 'ਚ ਦੁਨੀਆ ਦੇ ਨੰਬਰ ਵਨ ਡੈਨਮਾਰਕ ਦੇ ਸਟੀਫਨ ਹੈਨਸਨ ਨਾਲ ਸਾਹਮਣਾ ਹੋਵੇਗਾ। ਅਭਿਸ਼ੇਕ ਨੇ ਸੈਮੀਫਾਈਨਲ 'ਚ ਰੂਸ ਦੇ ਏਂਟੋਨ ਬੁਲੇਵ ਨੂੰ 150 ਦਾ ਪਰਫੈਕਟ ਸਕੋਰ ਕਰਦੇ ਹੋਏ 150-146 ਨਾਲ ਹਰਾਇਆ। ਮਿਕਸਡ ਟੀਮ ਵਰਗ 'ਚ ਅਭਿਸ਼ੇਕ ਅਤੇ ਸੁਰੇਖਾ ਦੀ ਜੋੜੀ ਨੂੰ ਰੂਸੀ ਜੋੜੀ ਤੋਂ 149-152 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਸੀ ਤਮਗੇ ਲਈ ਉਨ੍ਹਾਂ ਦਾ ਮੁਕਾਬਲਾ ਅਮਰੀਕੀ ਜੋੜੀ ਨਾਲ ਹੋਵੇਗਾ। ਦੀਪਿਕਾ ਅਤੇ ਅਤਾਨੂ ਦੀ ਜੋੜੀ ਨੂੰ ਅਮਰੀਕੀ ਜੋੜੀ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੀ ਤਮਗੇ ਲਈ ਉਨ੍ਹਾਂ ਦਾ ਮੁਕਾਬਲਾ ਤਾਈਪੈ ਦੀ ਜੋੜੀ ਨਾਲ ਹੋਵੇਗਾ।


Related News