ਅਨੀਸ਼ ਭਾਨਵਾਲਾ, ਰਿਧਮ ਸਾਂਗਵਾਨ ਨੇ ਚਾਂਗਵਾਨ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਜਿੱਤਿਆ ਕਾਂਸੀ ਤਮਗ਼ਾ
Tuesday, Jul 19, 2022 - 12:58 PM (IST)
ਚਾਂਗਵਾਨ- ਯੁਵਾ ਨਿਸ਼ਾਨੇਬਾਜ਼ਾਂ ਅਨੀਸ਼ ਭਾਨਵਾਲਾ ਤੇ ਰਿਧਮ ਸਾਂਗਵਾਨ ਨੇ ਮੰਗਲਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਕਾਂਸੀ ਤਮਗ਼ਾ ਜਿੱਤਿਆ। ਭਾਰਤੀ ਜੋੜੀ ਨੇ ਕਾਸੀ ਤਮਗ਼ੇ ਦੇ ਪਲੇਅ ਆਫ਼ ਮੁਕਾਬਲੇ 'ਚ ਅੰਨਾ ਦੇਦੋਵਾ ਤੇ ਮਾਰਟਿਨ ਪੋਦਰਾਸਕੀ ਦੀ ਚੈੱਕ ਗਣਰਾਜ ਦੀ ਜੋੜੀ ਨੂੰ 16-12 ਨਾਲ ਹਰਾਇਆ।
ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਜੋੜੀ ਦੇ ਤੌਰ 'ਤੇ ਇਹ ਅਨੀਸ਼ ਤੇ ਰਿਧਮ ਦਾ ਦੂਜਾ ਤਮਗ਼ਾ ਹੈ। ਇਸ ਜੋੜੀ ਨੇ ਇਸ ਸਾਲ ਮਾਰਚ 'ਚ ਕਾਹਿਰਾ ਵਿਸ਼ਵ ਕੱਪ 'ਚ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਅਜੇ ਪੰਜ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗ਼ਿਆਂ ਸਮੇਤ ਕੁਲ 14 ਤਮਗ਼ਿਆਂ ਨਾਲ ਚਾਂਗਵਾਨ ਵਿਸ਼ਵ ਕੱਪ ਦੀ ਤਮਗ਼ਾ ਸੂਚੀ 'ਚ ਚੋਟੀ 'ਤੇ ਚਲ ਰਿਹਾ ਹੈ।