ਰੋਨਾਲਡੋ ਦੇ ਬਿਨਾ ਖੇਡ ਰਹੇ ਪੁਰਤਗਾਲ ਨੂੰ ਟਿਊਨੀਸ਼ੀਆ ਨੇ ਬਰਾਬਰੀ ''ਤੇ ਰੋਕਿਆ
Tuesday, May 29, 2018 - 04:18 PM (IST)

ਬਰਾਗਾ— ਏ.ਸੀ. ਮਿਲਾਨ ਦੇ ਸਟ੍ਰਾਈਕਰ ਆਂਦਰੇ ਸਿਲਵਾ ਨੇ ਮੇਜ਼ਬਾਨ ਟੀਮ ਵੱਲੋਂ 1000ਵਾਂ ਗੋਲ ਦਾਗਿਆ ਪਰ ਇਸ ਦੇ ਬਾਵਜੂਦ ਕ੍ਰਿਸਟੀਆਨੋ ਰੋਨਾਲਡੋ ਦੇ ਬਿਨਾ ਖੇਡ ਰਹੀ ਪੁਰਤਾਗਲ ਦੀ ਟੀਮ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਦੋਸਤਾਨਾ ਮੈਚ 'ਚ ਟਿਊਨੀਸ਼ੀਆ ਦੇ ਖਿਲਾਫ 2-2 ਤੋਂ ਡਰਾਅ ਨਾਲ ਸਬਰ ਕਰਨਾ ਪਿਆ। ਨੀਦਰਲੈਂਡ ਦੇ ਖਿਲਾਫ ਮਾਰਚ 'ਚ ਜਿਨੇਵਾ 'ਚ 0-3 ਦੀ ਹਾਰ ਤੋਂ ਉਬਰ ਰਹੇ ਪੁਰਤਗਾਲ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਰੂਸ 'ਚ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਹਫਤੇ ਪਹਿਲਾਂ ਉਨ੍ਹਾਂ ਦੀ ਟੀਮ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕਰ ਸਕੇਗੀ ਪਰ ਅਜਿਹਾ ਨਹੀਂ ਹੋਇਆ। ਚੈਂਪੀਅਨਸ ਲੀਗ ਫਾਈਨਲ 'ਚ ਰੀਅਲ ਮੈਡ੍ਰਿਡ ਦੀ ਲੀਵਰਪੂਲ 'ਤੇ 3-1 ਦੀ ਜਿੱਤ ਦੇ ਬਾਅਦ ਯੂਰਪੀ ਚੈਂਪੀਅਨ ਪੁਰਤਗਾਲ ਨੇ ਰੋਨਾਲਡੋ ਨੂੰ ਇਸ ਮੈਚ ਤੋਂ ਆਰਾਮ ਦਿੱਤਾ ਸੀ।
ਸਿਲਵਾ ਨੇ 22ਵੇਂ ਮਿੰਟ 'ਚ ਪੁਰਤਗਾਲ ਵੱਲੋਂ ਪਹਿਲਾ ਗੋਲ ਦਾਗਿਆ ਜਦਕਿ 34ਵੇਂ ਮਿੰਟ 'ਚ ਜਾਓ ਮਾਰੀਓ ਨੇ ਮੇਜ਼ਬਾਨ ਟੀਮ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਐਨਿਸ ਬਦਰੀ ਨੇ ਹਾਲਾਂਕਿ ਹਾਫ ਟਾਈਮ ਤੋਂ ਠੀਕ ਪਹਿਲਾਂ ਗੋਲ ਦਾਗਕੇ ਟਿਊਨੀਸ਼ੀਆ ਨੂੰ ਵਾਪਸੀ ਦਿਵਾਈ ਜਦਕਿ 64ਵੇਂ ਮਿੰਟ 'ਚ ਫਖਰਦੀਨ ਬੇਨ ਯੁਸੂਫ ਨੇ ਸਕੋਰ ਬਰਾਬਰ ਕਰ ਦਿੱਤਾ। ਪੁਰਤਗਾਲ ਦੀ 2 ਜੂਨ ਤੋਂ ਬਰੇਸਲਸ 'ਚ ਬੈਲਜੀਅਮ ਅਤੇ 7 ਜੂਨ ਨੂੰ ਲਿਸਬਨ 'ਚ ਅਲਜੀਰੀਆ ਦੇ ਖਿਲਾਫ ਵੀ ਰੋਨਾਲਡੋ ਦੇ ਬਿਨਾ ਉਤਰਨ ਦੀ ਸੰਭਾਵਨਾ ਹੈ।