ਸੈਰ ਕਰ ਰਹੇ ਨੌਜਵਾਨ ’ਤੇ ਜਾਨਲੇਵਾ ਹਮਲਾ, ਇੱਕ ਕਾਬੂ
Wednesday, Jun 18, 2025 - 01:58 PM (IST)

ਚੰਡੀਗੜ੍ਹ (ਸੁਸ਼ੀਲ) : ਸੈਰ ਕਰ ਰਹੇ ਨੌਜਵਾਨ ’ਤੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਪੀ. ਆਰ. ਟੀ. ਸੀ. ਬੱਸ ਡਿਪੂ ਨੇੜੇ 2 ਨੌਜਵਾਨਾਂ ਨੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੁਲਸ ਮੌਕੇ ’ਤੇ ਪਹੁੰਚ ਕੇ ਲਹੁ-ਲੂਹਾਨ ਨੌਜਵਾਨ ਨੂੰ ਜੀ. ਐੱਮ. ਸੀ. ਐੱਚ. 32 ’ਚ ਦਾਖ਼ਲ ਕਰਵਾਇਆ। ਜ਼ਖਮੀ ਨੌਜਵਾਨ ਦੀ ਪਛਾਣ ਰਾਮ ਦਰਬਾਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਵਜੋਂ ਹੋਈ ਹੈ। ਸੈਕਟਰ-31 ਥਾਣਾ ਪੁਲਸ ਨੇ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਹਮਲਾਵਰ ਨਿਖਿਲ ਅਤੇ ਵਰੁਣ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨਿਖਿਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਸ਼ਿਕਾਇਤਕਰਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਤੜਕੇ 4 ਵਜੇ ਦੇ ਕਰੀਬ ਇੱਕ ਪਰਿਵਾਰ ਨੂੰ ਬੱਸ ਅੱਡੇ ’ਤੇ ਛੱਡਣ ਗਿਆ ਸੀ। ਇਸ ਤੋਂ ਬਾਅਦ ਉਹ ਸਵੇਰੇ 5 ਵਜੇ ਦੇ ਕਰੀਬ ਪੀ. ਆਰ. ਟੀ. ਸੀ. ਬੱਸ ਡਿਪੂ, ਇੰਡਸਟਰੀਅਲ ਏਰੀਆ ਫੇਜ਼-2 ਨੇੜੇ ਸੈਰ ਕਰ ਰਿਹਾ ਸੀ। ਉਸੇ ਸਮੇਂ ਨਿਖਿਲ ਅਤੇ ਵਰੁਣ ਨਾਮਕ ਨੌਜਵਾਨ ਉੱਥੇ ਪਹੁੰਚੇ ਅਤੇ ਬਹਿਸ ਕਰਨ ਲੱਗੇ। ਬਹਿਸ ਦੌਰਾਨ ਵਰੁਣ ਨੇ ਜੇਬ ਵਿਚੋਂ ਚਾਕੂ ਕੱਢਿਆ ਅਤੇ ਗੁਰਮੀਤ ’ਤੇ ਤਾਬੜਤੋੜ ਵਾਰ ਕਰ ਦਿੱਤੇ। ਗੁਰਮੀਤ ਲਹੁ-ਲੂਹਾਨ ਹੋ ਕੇ ਸੜਕ ’ਤੇ ਡਿੱਗ ਪਿਆ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਕੁਝ ਸਮੇਂ ਬਾਅਦ ਉੱਥੋਂ ਲੰਘ ਰਹੇ ਇੱਕ ਆਟੋ ਚਾਲਕ ਨੇ ਪੁਲਸ ਨੂੰ ਸੂਚਨਾ ਦਿੱਤੀ। ਥੋੜ੍ਹੀ ਹੀ ਦੇਰ ਵਿਚ ਪੀ.ਸੀ.ਆਰ. ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਗੁਰਮੀਤ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ’ਚ ਦਾਖ਼ਲ ਕਰਵਾਇਆ। ਸੈਕਟਰ-31 ਥਾਣਾ ਪੁਲਸ ਨੇ ਹਸਪਤਾਲ ਪਹੁੰਚ ਕੇ ਗੁਰਮੀਤ ਦੇ ਬਿਆਨ ਦਰਜ ਕੀਤੇ ਅਤੇ ਹਮਲਾਵਰ ਨਿਖਿਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਨਿਖਿਲ ਅਤੇ ਵਰੁਣ ’ਤੇ ਮਾਮਲਾ ਦਰਜ ਕਰ ਲਿਆ।