ਥਾਰ ਚਾਲਕ ਨੇ ਮਾਰੀ ਟੱਕਰ, ਬੁਲੇਟ ’ਤੇ ਜਾ ਰਹੇ ਨੌਜਵਾਨ ਦੀ ਮੌਤ
Monday, Jun 16, 2025 - 02:03 PM (IST)

ਮੋਹਾਲੀ (ਜੱਸੀ) : ਇੱਥੇ ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-69 ਵਿਖੇ ਥਾਰ ਚਾਲਕ ਦੀ ਟੱਕਰ ਨਾਲ ਬੁਲੇਟ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਵਜੋਂ ਹੋਈ। ਇਸ ਸਬੰਧੀ ਥਾਣਾ ਫੇਜ਼-8 ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਥਾਰ ਚਾਲਕ ਬਿਕਰਮ ਸਿੰਘ ਵਾਸੀ ਕੁਰੂਕਸ਼ੇਤਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।
ਸ਼ਿਕਾਇਤਕਰਤਾ ਵਿਸ਼ਾਲ ਦਾਸ ਵਾਸੀ ਜਲੰਧਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਲੜਕਾ ਜਸਕੀਰਤ ਸਿੰਘ (35) ਮੋਹਾਲੀ ਵਿਖੇ ਨਿੱਜੀ ਕੰਪਨੀ ’ਚ ਨੌਕਰੀ ਕਰਦਾ ਸੀ ਅਤੇ ਮੋਹਾਲੀ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਉਹ ਰਾਤ ਕਰੀਬ ਇਕ ਵਜੇ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ। ਉਹ ਜਦੋਂ ਸੈਕਟਰ-69 ਦੀਆਂ ਟ੍ਰੈਫਿਕ ਲਾਈਟਾਂ ਕੋਲ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਥਾਰ ਗੱਡੀ ਆਈ ਤੇ ਚਾਲਕ ਨੇ ਉਸ ਦੇ ਬੇਟੇ ਦੇ ਬੁਲੇਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਥਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ’ਚ ਉਸ ਦਾ ਬੇਟਾ ਜ਼ਖ਼ਮੀ ਹੋ ਗਿਆ। ਉਸ ਨੂੰ ਰਾਹਗੀਰਾਂ ਦੀ ਮਦਦ ਨਾਲ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।