ਅਮਿਤ ਪੰਘਾਲ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

06/02/2024 3:13:42 PM

ਬੈਂਕਾਕ, (ਭਾਸ਼ਾ) ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਅਮਿਤ ਪੰਘਾਲ ਨੇ ਐਤਵਾਰ ਨੂੰ ਇੱਥੇ ਦੂਜੇ ਵਿਸ਼ਵ ਕੁਆਲੀਫਿਕੇਸ਼ਨ ਮੁੱਕੇਬਾਜ਼ੀ ਟੂਰਨਾਮੈਂਟ ਦੇ 51 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਚੀਨ ਦੇ ਚੁਆਂਗ ਲਿਊ ਨੂੰ ਹਰਾ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਪੰਘਾਲ ਨੇ ਸਖ਼ਤ ਮੁਕਾਬਲੇ ਵਿੱਚ ਲਿਊ ਨੂੰ 5-0 ਨਾਲ ਹਰਾ ਕੇ ਦੂਜੀ ਵਾਰ ਓਲੰਪਿਕ ਲਈ ਆਪਣੀ ਟਿਕਟ ਕਟਾਈ। ਉਹ ਓਲੰਪਿਕ ਵਿੱਚ ਥਾਂ ਬਣਾਉਣ ਵਾਲਾ ਭਾਰਤ ਦਾ ਪੰਜਵਾਂ ਮੁੱਕੇਬਾਜ਼ ਹੈ। 

ਉਸ ਤੋਂ ਪਹਿਲਾਂ ਨਿਸ਼ਾਂਤ ਦੇਵ (71 ਕਿਲੋ), ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਪੰਘਾਲ ਨੂੰ ਪੈਰਿਸ ਓਲੰਪਿਕ ਵਿੱਚ ਥਾਂ ਬਣਾਉਣ ਦਾ ਸਿਰਫ਼ ਇੱਕ ਮੌਕਾ ਮਿਲਿਆ ਕਿਉਂਕਿ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਦੀਪਕ ਭੌਰੀਆ ਤੋਂ ਪਹਿਲਾਂ ਦੋ ਕੁਆਲੀਫਾਇੰਗ ਮੁਕਾਬਲਿਆਂ ਵਿੱਚ ਟਰਾਇਲਾਂ ਵਿੱਚ ਹਾਰ ਗਿਆ ਸੀ। ਏਸ਼ੀਆਈ ਖੇਡਾਂ 2018 ਦੇ ਚੈਂਪੀਅਨ ਪੰਘਾਲ ਨੇ ਹਾਲਾਂਕਿ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ। ਦੋ ਹੋਰ ਭਾਰਤੀ ਮੁੱਕੇਬਾਜ਼ ਜੈਸਮੀਨ ਲੰਬੋਰੀਆ (57 ਕਿਲੋ) ਅਤੇ ਸਚਿਨ ਸਿਵਾਚ (57 ਕਿਲੋ) ਵੀ ਓਲੰਪਿਕ ਕੋਟਾ ਹਾਸਲ ਕਰਨ ਦੀ ਦੌੜ ਵਿੱਚ ਹਨ। 


Tarsem Singh

Content Editor

Related News