ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਦੇ ਹਾਕੀ ਸਮੇਤ ਹੋਰ ਟੀਮਾਂ ਲਈ ਟਰਾਇਲ 13 ਜੂਨ ਤੋਂ
Thursday, Jun 09, 2022 - 05:22 PM (IST)
ਚੰਡੀਗੜ੍ਹ (ਬਿਊਰੋ)- ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਹਾਕੀ, ਟੇਬਲ ਟੈਨਿਸ ਤੇ ਵਾਲੀਬਾਲ ਦੇ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ ਟਰਾਇਲਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਦੇ ਹਾਕੀ (ਪੁਰਸ਼ ਤੇ ਮਹਿਲਾ) ਮੁਕਾਬਲੇ ਭੋਪਾਲ ਵਿਖੇ 21 ਜੂਨ ਤੋਂ 30 ਜੂਨ 2022 ਤੱਕ ਕਰਵਾਏ ਜਾ ਰਹੇ ਹਨ। ਪੰਜਾਬ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ, ਸੈਕਟਰ-63, ਮੁਹਾਲੀ ਵਿਖੇ 13 ਜੂਨ ਨੂੰ ਸਵੇਰੇ 10 ਵਜੇ ਹੋਣਗੇ।
ਇਸੇ ਤਰ੍ਹਾਂ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਦੇ ਮੁਕਾਬਲੇ ਆਗਰਾ ਵਿਖੇ 24 ਤੋਂ 28 ਜੂਨ ਤੱਕ ਹੋਣਗੇ ਅਤੇ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ। ਉਥੇ ਹੀ ਵਾਲੀਬਾਲ ਦੇ ਮੁਕਾਬਲੇ 24 ਤੋਂ 28 ਜੂਨ ਤੱਕ ਨਵੀਂ ਦਿੱਲੀ ਵਿਖੇ ਹੋਣਗੇ ਅਤੇ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ। ਡਾਇਰੈਕਟਰ ਸ੍ਰੀ ਧੀਮਾਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਰੱਖਿਆ ਸੇਵਾਵਾਂ/ਨੀਮ ਫ਼ੌਜੀ ਸੰਸਥਾਵਾਂ/ਕੇਂਦਰੀ ਪੁਲਸ ਬਲਾਂ/ਪੁਲਸ/ਆਰ.ਪੀ.ਐੱਫ./ਸੀ.ਆਈ.ਐੱਸ.ਐੱਫ./ਬੀ.ਐੱਸ.ਐੱਫ./ਆਈ.ਟੀ.ਬੀ.ਪੀ./ਐੱਨ.ਐੱਸ.ਜੀ. ਆਦਿ ਵਿਭਾਗਾਂ ਦੇ ਮੁਲਾਜ਼ਮ/ਸ਼ਰਤਾਂ ਤਹਿਤ ਕਵਰ ਹੋਣ ਵਾਲੇ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ 'ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ 'ਤੇ ਕੀਤੀ ਜਾਵੇਗੀ।