ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ : ਸਿੰਧੂ ਕੁਆਰਟਰ ਫਾਈਨਲ ''ਚ

03/13/2020 1:57:46 AM

ਬਰਮਿੰਘਮ- ਵਿਸ਼ਵ ਚੈਂਪੀਅਨ ਤੇ ਛੇਵੀਂ ਸੀਡ ਪੀ. ਵੀ. ਸਿੰਧੂ ਨੇ ਲੰਬੇ ਸਮੇਂ ਬਾਅਦ ਆਪਣੀ ਲੈਅ ਵਿਚ ਖੇਡਦੇ ਹੋਏ ਕੋਰੀਆ ਦੀ ਸੁੰਗ ਜੀ ਹਿਊਨ ਨੂੰ ਵੀਰਵਾਰ ਨੂੰ ਲਗਾਤਾਰ ਸੈੱਟਾਂ ਵਿਚ 21-19, 21-15 ਨਾਲ ਹਰਾ ਕੇ ਵੱਕਾਰੀ  ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਨੌਜਵਾਨ ਖਿਡਾਰੀ ਲਕਸ਼ੈ ਸੇਨ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਕੋਰੀਆਈ ਖਿਡਾਰਨ ਤੋਂ ਦੂਜੇ ਦੌਰ ਦਾ ਮੁਕਾਬਲਾ 49 ਮਿੰਟ ਵਿਚ ਜਿੱਤਿਆ ਤੇ ਹਿਊਨ ਵਿਰੁੱਧ ਆਪਣਾ ਕਰੀਅਰ ਰਿਕਾਰਡ 9-8 ਦਾ ਕਰ ਲਿਆ। ਨੌਜਵਾਨ ਖਿਡਾਰੀ ਲਕਸ਼ੈ ਨੇ ਦੂਜੀ ਸੀਡ ਸੀਡ ਡੈੱਨਮਾਰਕ ਦੇ ਵਿਕਟਰ ਐਕਸਲਸਨ ਵਿਰੁੱਧ 45 ਮਿੰਟ ਤਕ ਸ਼ਲਾਘਾਯੋਗ ਸੰਘਰਸ਼ ਕੀਤਾ ਪਰ ਉਸ ਨੂੰ ਅੰਤ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ  ਸਾਬਕਾ ਨੰਬਰ ਇਕ ਸਾਇਨਾ ਨੇਹਵਾਲ, ਬੀ. ਸਾਈ ਪ੍ਰਣੀਤ ਤੇ ਪਰੂਪੱਲੀ ਕਸ਼ਯਪ ਪਹਿਲੇ ਦੌਰ 'ਚੋਂ ਹੀ ਹਾਰ ਕੇ ਬਾਹਰ ਹੋ ਗਏ। ਖਰਾਬ ਫਾਰਮ 'ਚੋਂ ਲੰਘ ਰਹੀ ਸਾਇਨਾ ਦਾ ਨਿਰਾਸ਼ਾਜਨਕ ਦੌਰ ਆਲ ਇੰਗਲੈਂਡ ਵਿਚ ਵੀ ਬਰਕਰਾਰ ਰਿਹਾ ਤੇ ਉਸ ਨੂੰ ਤੀਜੀ ਸੀਡ ਅਕਾਨੇ ਯਾਮਾਗੁਚੀ ਨੇ ਸਿਰਫ 28 ਮਿੰਟ ਵਿਚ 21-11, 21-8 ਨਾਲ ਹਰਾ ਦਿੱਤਾ। ਯਾਮਾਗੁਚੀ ਦੀ ਸਾਇਨਾ ਵਿਰੁੱਧ 11 ਮੁਕਾਬਲਿਆਂ ਵਿਚ ਇਹ 9ਵੀਂ ਜਿੱਤ ਹੈ।  ਪ੍ਰਣੀਤ ਨੂੰ ਚੀਨ ਦੇ ਝਾਓ ਜੂਨ ਪੇਂਗ ਨੇ 33 ਮਿੰਟ ਵਿਚ 21-12, 21-13 ਨਾਲ ਤੇ ਕਸ਼ਯਪ ਨੂੰ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰੁਸਤਾਵਿਤੋ ਨੇ ਹਰਾਇਆ। ਕਸ਼ਯਪ ਪਹਿਲੇ ਸੈੱਟ ਵਿਚ 0-3 ਨਾਲ ਪਿਛੜਨ ਤੋਂ ਬਾਅਦ ਰਿਟਾਇਰ ਹੋ ਗਿਆ।


Gurdeep Singh

Content Editor

Related News