ਸੇਰੇਨਾ ਤੋਂ ਬਾਅਦ ਜਵੇਰੇਵ ਵੀ ਆਸਟਰੇਲੀਆਈ ਓਪਨ ਦੇ ਦੂਜੇ ਦੌਰ ''ਚ
Tuesday, Jan 15, 2019 - 03:21 PM (IST)

ਮੈਲਬੋਰਨ : ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਪਹਿਲੇ ਦੌਰ ਦਾ ਮੁਕਾਬਲਾ ਸਿਰਫ 49 ਮਿੰਟਾਂ 'ਚ ਜਿੱਤ ਕੇ ਵਿਰੋਧੀਆਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਜਦਕਿ ਅਲੈਗਜ਼ੈਂਡਰ ਜਵੇਰੇਵ ਵੀ ਦੂਜੇ ਦੌਰ 'ਚ ਪਹੁੰਚ ਗਏ। ਸੇਰੇਨਾ ਨੇ ਆਖਰੀ ਗ੍ਰੈਂਡਸਲੈਮ 2017 ਵਿਚ ਇੱਥੇ ਹੀ ਜਿੱਤਿਆ ਸੀ ਜਦੋਂ ਉਹ ਗਰਭਵਤੀ ਸੀ। ਉਹ ਮਾਰਗਰੇਟ ਕੋਰਟ ਦੇ 24 ਗ੍ਰੈਂਡਸਲੈਮ ਦੇ ਰਿਕਾਰਡ ਤੋਂ ਇਕ ਖਿਤਾਬ ਦੂਰ ਹੈ। ਜਰਮਨੀ ਦੀ ਤਤਯਾਨਾ ਮਾਰੀਆ ਨੂੰ ਹਰਾਉਣ ਤੋਂ ਬਾਅਦ ਸੇਰੇਨਾ ਨੇ ਕਿਹਾ ਕਿ ਮੇਰੀਆਂ ਇਸ ਕੋਰਟ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਹੁਣ ਉਸ ਦਾ ਸਾਹਮਣਾ ਕੈਨੇਡਾ ਦੀ ਯੁਜੀਨੀ ਬੁਚਾਰਡ ਨਾਲ ਹੋਵੇਗਾ ਜਿਸ ਨੇ ਚੀਨ ਦੀ ਪੇਂਗ ਸ਼ੁਆਈ ਨੂੰ ਹਰਾਇਆ ਹੈ।
ਹੋਰ ਮੈਚਾਂ ਵਿਚ ਅਮਰੀਕਾ ਦੀ ਮੇਡਿਸਨ ਕੀਸ ਨੇ ਵਾਈਲਡਕਾਰਡ ਧਾਰੀ ਡੇਸਟਾਨੀ ਏਈਵਾ ਨੂੰ 6-2, 6-2 ਨਾਲ ਹਰਾਇਆ। ਪੁਰਸ਼ ਵਰਗ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਦਾ ਸਾਹਮਣਾ ਅਮਰੀਕੀ ਕੁਆਲੀਫਾਇਰ ਮਿਸ਼ੇਲ ਕਰੂਗਰ ਨਾਲ ਹੋਵੇਗਾ। ਉੱਥੇ ਹੀ ਚੌਥਾ ਦਰਜਾ ਪ੍ਰਾਪਤ ਜਵੇਰੇਵ ਨੇ ਏਲਜਾਜ ਬੇਡੇਨੇ ਨੂੰ 6-4, 6-1, 6-4 ਨਾਲ ਹਰਾਇਆ। 8ਵਾਂ ਦਰਜਾ ਪ੍ਰਾਪਤ ਕੇਈ ਨਿਸ਼ਿਕੋਰੀ ਨੇ ਪੋਲੈਂਡ ਦੇ ਕੁਆਲੀਫਾਇਰ ਕਾਮਿਲ ਐੱਮ ਨੂੰ ਹਰਾਇਆ। ਹੁਣ ਉਹ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਨਾਲ ਖੇਡਣਗੇ।