ਹਾਰ ਤੋਂ ਬਾਅਦ ਬੋਲੇ ਰੋਹਿਤ, 8 ਬੱਲੇਬਾਜ਼ ਵੀ ਟੀਮ ਨੂੰ ਨਹੀਂ ਜਿੱਤਾ ਸਕੇ ਮੈਚ
Wednesday, Feb 06, 2019 - 06:38 PM (IST)
ਵੇਲਿੰਗਟਨ : ਨਿਊਜ਼ੀਲੈਂਡ ਦੇ ਹੱਥੋਂ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਟੀਮ ਨੇ ਮੈਚ ਦੇ ਤਿਨਾ ਵਿਭਾਗਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਕਪਤਾਨ ਨੇ ਮੈਚ ਤੋਂ ਬਾਅਦ ਕਿਹਾ, ''ਟੀ 20 ਮੈਚ ਵਿਚ 200 ਤੋਂ ਵੱਧ ਦੌੜਾਂ ਦਾ ਪਿੱਛਾ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ। ਇਸ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਵਿਕਟਾਂ ਬਚਾ ਕੇ ਰੱਖਣੀਆਂ ਹੁੰਦੀਆਂ ਹਨ ਪਰ ਅਸੀਂ ਲਗਾਤਾਰ ਆਪਣੇ ਵਿਕਟ ਗੁਆਉਂਦੇ ਚਲੇ ਗਏ ਜਿਸ ਕਾਰਨ ਅਸੀਂ ਮੈਚ ਜਿੱਤਣ ਤੋਂ ਕਾਫੀ ਦੂਰ ਰਹਿ ਗਏ। ਅਸੀਂ ਪਹਿਲਾਂ ਕਈ ਵਾਰ 200 ਤੋਂ ਵੱਧ ਦਾ ਟੀਚਾ ਹਾਸਲ ਕੀਤਾ ਹੈ ਪਰ ਇਸ ਦੇ ਲਈ ਮਜ਼ਬੂਤ ਸਾਂਝੇਦਾਰੀ ਦੀ ਜ਼ਰੂਰਤ ਪੈਂਦੀ ਹੈ ਅਤੇ ਜਦੋਂ ਤੁਸੀਂ ਵੱਡੀ ਸਾਂਝੇਦਾਰੀ ਨਹੀਂ ਕਰ ਪਾਉਂਦੇ ਤਾਂ ਇੰਨੇ ਵੱਡੇ ਟੀਚੇ ਹਾਸਲ ਕਰਨੇ ਮੁਸ਼ਕਲ ਹੋ ਜਾਂਦੇ ਹਨ।''

ਰੋਹਿਤ ਨੇ ਕਿਹਾ, ''ਅਸੀਂ ਟੀਚੇ ਦਾ ਪਿੱਛਾ ਕਰ ਸਕਦੇ ਸੀ ਪਰ ਅੱਜ ਦੇ ਮੈਚ ਵਿਚ ਅਸੀਂ 8 ਬੱਲੇਬਾਜ਼ਾਂ ਨਾਲ ਖੇਡੇ ਸੀ। ਇਸ ਦੇ ਬਾਵਜੂਦ ਹਾਰ ਦੀ ਵਜ੍ਹਾ ਸਾਂਝੇਦਾਰੀ ਨਾ ਹੋਣਾ ਹੈ। ਰੋਹਿਤ ਨੇ ਮੇਜ਼ਬਾਨ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ। ਕੀਵੀ ਟੀਮ ਨੇ ਚੰਗਾ ਖੇਡ ਖੇਡਿਆ। ਉਨ੍ਹਾਂ ਚੰਗੀ ਸਾਂਝੇਦਾਰੀ ਕੀਤੀ ਜਿਸ ਦੀ ਬਦੌਲਤ ਉਹ ਵੱਡੇ ਟੀਚੇ ਤੱਕ ਆਰਾਮ ਨਾਲ ਪਹੁੰਚ ਸਕੇ। ਸਾਡਾ ਅਗਲਾ ਮੈਚ ਆਕਲੈਂਡ ਵਿਚ ਹੈ ਜਿੱਥੇ ਦੇ ਹਾਲਾਤ ਨੂੰ ਦੇਖਦਿਆਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।''

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ਵਿਚ ਭਾਰਤ ਨੂੰ 80 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ 8 ਫਰਵਰੀ ਨੂੰ ਆਕਲੈਂਡ ਵਿਖੇ ਹੋਣ ਹੈ।
