ਪੋਲੈਂਡ-ਸਵੀਡਨ ਦੇ ਬਾਅਦ ਹੁਣ ਇਸ ਦੇਸ਼ ਨੇ ਰੂਸ ਦੇ ਖ਼ਿਲਾਫ਼ ਖੇਡਣ ਤੋਂ ਕੀਤਾ ਮਨ੍ਹਾ
Sunday, Feb 27, 2022 - 07:19 PM (IST)
ਪ੍ਰਾਗ- ਯੂਕ੍ਰੇਨ 'ਤੇ ਹਮਲੇ ਦੇ ਵਿਰੋਧ 'ਚ ਪੋਲੈਂਡ ਤੇ ਸਵੀਡਨ ਦੇ ਬਾਅਦ ਚੈੱਕ ਗਣਰਾਜ ਨੇ ਵੀ ਰੂਸ ਦੇ ਖ਼ਿਲਾਫ਼ ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ ਮੈਦਾਨ 'ਤੇ ਉਤਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪੋਲੈਂਡ ਨੂੰ ਅਗਲੇ ਮਹੀਨੇ ਰੂਸ ਦੇ ਖ਼ਿਲਾਫ਼ 2022 ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ਦੇ ਸੈਮੀਫਾਈਨਲ 'ਚ ਭਿੜਨਾ ਹੈ।
ਇਸ ਮੈਚ ਦੇ ਜੇਤੂ ਦਾ ਸਾਹਮਣਾ ਸਵੀਡਨ ਤੇ ਚੈੱਕ ਗਣਰਾਜ ਦਰਮਿਆਨ ਹੋਣ ਵਾਲੇ ਇਕ ਹੋਰ ਸੈਮੀਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ। ਚੈੱਕ ਗਣਰਾਜ ਫੁੱਟਬਾਲ ਸੰਘ ਦੀ ਕਾਰਜਕਾਰੀ ਕਮੇਟੀ ਨੇ ਕਿਹਾ, 'ਸਰਬਸੰਮਤੀ ਨਾਲ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਚੈੱਕ ਗਣਰਾਜ ਦੀ ਰਾਸ਼ਟਰੀ ਟੀਮ ਕਿਸੇ ਵੀ ਸਥਿਤੀ 'ਚ ਰੂਸ ਦੇ ਖ਼ਿਲਾਫ਼ ਨਹੀਂ ਖੇਡੇਗੀ।' ਪੋਲੈਂਡ ਤੇ ਸਵੀਡਨ ਦੇ ਫੁੱਟਬਾਲ ਮਹਾਸੰਘਾਂ ਨੇ ਸ਼ਨੀਵਾਰ ਨੂੰ ਇਹ ਫ਼ੈਸਲਾ ਕੀਤਾ ਹੈ।