ਖੇਡ ਪ੍ਰਤੀ ਸਮਰਪਿਤ ਕ੍ਰਿਕਟਰ ਵਿਸ਼ਣੂ ਸੋਲੰਕੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਧੀ ਤੇ ਹੁਣ ਪਿਤਾ ਦਾ ਦਿਹਾਂਤ

Monday, Feb 28, 2022 - 02:27 PM (IST)

ਖੇਡ ਪ੍ਰਤੀ ਸਮਰਪਿਤ ਕ੍ਰਿਕਟਰ ਵਿਸ਼ਣੂ ਸੋਲੰਕੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਧੀ ਤੇ ਹੁਣ ਪਿਤਾ ਦਾ ਦਿਹਾਂਤ

ਨਵੀਂ ਦਿੱਲੀ- ਬੜੌਦਾ ਦੇ 29 ਸਾਲਾ ਕ੍ਰਿਕਟਰ ਵਿਸ਼ਣੂ ਸੋਲੰਕੀ ਨੇ ਦਿਖਾਇਆ ਕਿ ਤ੍ਰਾਸਦੀ ਦਾ ਸਾਹਮਣਾ ਕਰਨ ਦੇ ਮਾਮਲੇ 'ਚ ਉਹ ਕਰੋੜਾਂ 'ਚੋਂ ਇਕ ਹਨ। ਕਾਫ਼ੀ ਲੋਕਾਂ 'ਚ ਆਪਣੀ ਨਵਜੰਮੀ ਬੱਚੀ ਨੂੰ ਗੁਆਉਣ ਦੇ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਉਤਰਨ ਦੀ ਹਿੰਮਤ ਨਹੀਂ ਹੁੰਦੀ। ਵਿਸ਼ਣੂ ਨੇ ਅਜਿਹਾ ਕੀਤਾ ਤੇ ਫਿਰ ਸੈਂਕੜਾ ਵੀ ਲਾਇਆ ਪਰ ਹੁਣ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਤੇ ਉਨ੍ਹਾਂ ਨੇ ਵੀਡੀਓ ਕਾਲ 'ਤੇ ਪਿਤਾ ਦਾ ਅੰਤਿਮ ਸੰਸਕਾਰ ਦੇਖਿਆ।

ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਵਿਸ਼ਣੂ ਦੇ ਘਰ 10 ਫਰਵਰੀ ਨੂੰ ਧੀ ਨੇ ਜਨਮ ਲਿਆ। ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਲਿਖਣ ਦੀ ਤਿਆਰੀ ਕਰ ਰਹੇ ਸਨ ਪਰ ਇਕ ਦਿਨ ਬਾਅਦ ਨਵਜੰਮੀ ਬੱਚੀ ਦੀ ਹਸਪਤਾਲ 'ਚ ਮੌਤ ਹੋ ਗਈ। ਉਸ ਸਮੇਂ ਬਾਇਓ ਬਬਲ 'ਚ ਮੌਜੂਦ ਵਿਸ਼ਣੂ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਲਈ ਆਪਣੇ ਘਰ ਲਈ ਨਿਕਲ ਪਏ। ਉਨ੍ਹਾਂ ਨੂੰ ਆਪਣੀ ਬੱਚੀ ਨੂੰ ਆਪਣੇ ਹੱਥਾਂ 'ਚ ਪਹਿਲੀ ਵਾਰ ਫੜਨ ਦੀ ਜਗ੍ਹਾ ਉਸ ਦਾ ਅੰਤਿਮ ਸੰਸਕਾਰ ਕਰਨਾ ਪਿਆ। ਉਹ ਬੰਗਾਲ ਖ਼ਿਲਾਫ਼ ਬੜੌਦਾ ਦੇ ਪਹਿਲੇ ਰਣਜੀ ਮੈਚ 'ਚ ਹਿੱਸਾ ਨਹੀਂ ਲੈ ਸਕੇ। 

ਜੇਕਰ ਵਿਸ਼ਣੂ ਜ਼ਰੂਰਤ ਦੇ ਸਮੇਂ ਆਪਣੀ ਪਤਨੀ ਦੇ ਨਾਲ ਰਹਿੰਦੇ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਕ੍ਰਿਕਟਰਾਂ ਲਈ ਰਣਜੀ ਟਰਾਫ਼ੀ ਰੋਜ਼ੀ-ਰੋਟੀ ਕਮਾਉਣ ਦਾ ਅਹਿਮ ਜ਼ਰੀਆ ਹੈ ਤੇ ਪਹਿਲੇ ਹੀ ਮੁਕਾਬਲਿਆਂ 'ਚ ਕਟੌਤੀ ਦੇ ਨਾਲ ਆਯੋਜਿਤ ਹੋ ਰਹੇ ਮੈਚ ਤੋਂ ਬਾਹਰ ਰਹਿਣ ਦੇ ਮਤਲਬ ਹੈ ਕਿ ਕਮਾਈ ਤੋਂ ਵਾਂਝੇ ਰਹਿਣਾ। ਵਿਸ਼ਣੂ ਇਸ ਲਈ ਚੰਡੀਗੜ੍ਹ ਖ਼ਿਲਾਫ਼ ਦੂਜੇ ਮੁਕਾਬਲੇ ਲਈ ਕਟਕ ਪੁੱਜ ਗਏ। ਉਹ ਇਸ ਤ੍ਰਾਸਦੀ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਸਨ। ਵਿਸ਼ਣੂ ਨੇ ਇਸ ਤੋਂ ਬਾਅਦ ਸੈਂਕੜਾ ਠੋਕਿਆ। ਉਨ੍ਹਾਂ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਯਾਦ ਦਿਵਾਈ ਜੋ ਆਪਣੇ ਪਿਤਾ ਦੀ ਮੌਤ ਦੇ ਬਾਅਦ ਬ੍ਰਿਸਟਲ ਪੁੱਜ ਗਏ ਸਨ ਕਿਉਂਕਿ ਉਨ੍ਹਾਂ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਉਹ ਦੇਸ਼ ਦੀ ਸੇਵਾ ਤੋਂ ਪਿੱਛੇ ਹਟੇ।

ਇਹ ਵੀ ਪੜ੍ਹੋ : ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ: ਚਾਂਦੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਪੂਜਾ ਜਾਤਯਾਨ

ਯੁਵਾ ਕ੍ਰਿਕਟਰ ਵਿਰਾਟ ਕੋਹਲੀ ਨੂੰ ਕੌਣ ਭੁੱਲ ਸਕਦਾ ਹੈ ਜਿਨ੍ਹਾਂ ਨੇ 97 ਦੌੜਾਂ ਦੀ ਪਾਰੀ ਖੇਡੀ ਤੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਹਿੱਸਾ ਲਿਆ। ਵਿਸ਼ਣੂ ਨੇ ਆਪਣੀ ਧੀ ਦੇ ਦਿਹਾਂਤ ਦੇ ਬਾਅਦ ਖੇਡ 'ਚ ਇਕਾਗਰਤਾ ਲਾਈ ਤੇ 12 ਚੌਕਿਆਂ ਦੀ ਮਦਦ ਨਲ 103 ਦੌੜਾਂ ਦੀ ਪਾਰੀ ਖੇਡੀ ਜੋ ਉਨ੍ਹਾਂ ਦੀ ਮਾਨਸਿਕ ਮਜ਼ਬੂਤੀ ਨੂੰ ਦਰਸਾਉਂਦਾ ਹੈ। ਪਰ ਇਹ ਦੁੱਖ ਹੀ ਕਾਫ਼ੀ ਨਹੀਂ ਸੀ ਕਿ ਐਤਵਾਰ ਨੂੰ ਰਣਜੀ ਮੈਚ ਦੇ ਆਖ਼ਰੀ ਦਿਨ ਵਿਸ਼ਣੂ ਨੂੰ ਮੈਨੇਜਰ ਤੋਂ ਖ਼ਬਰ ਮਿਲੀ ਕਿ ਕਾਫ਼ੀ ਬੀਮਾਰ ਚਲ ਰਹੇ ਉਨ੍ਹਾਂ ਦ ਪਿਤਾ ਦਾ ਉਨ੍ਹਾਂ ਦੇ ਘਰੇਲੂ ਸ਼ਹਿਰ 'ਚ ਦਿਹਾਂਤ ਹੋ ਗਿਆ।

ਬੜੌਦਾ ਕ੍ਰਿਕਟ ਸੰਘ (ਬੀ. ਸੀ. ਏ.) ਦੇ ਇਕ ਅਧਿਕਾਰੀ ਨੇ ਦੱਸਿਆ, 'ਵਿਸ਼ਣੂ ਕੋਲ ਧੀ ਦੇ ਦਿਹਾਂਤ ਦੇ ਬਾਅਦ ਵਾਪਸ ਨਹੀਂ ਪਰਤਨ ਦਾ ਬਦਲ ਸੀ ਪਰ ਉਹ ਟੀਮ ਲਈ ਖੇਡਣ ਵਾਲਾ ਖਿਡਾਰੀ ਹੈ, ਉਹ ਨਹੀਂ ਚਾਹੁੰਦਾ ਸੀ ਕਿ ਉਹ ਟੀਮ ਨੂੰ ਮਝਧਾਰ 'ਚ ਛੱਡ ਦੇਵੇ। ਇਹੋ ਉਸ ਨੂੰ ਖ਼ਾਸ ਬਣਾਉਂਦਾ ਹੈ।' ਬੜੌਦਾ ਨੂੰ ਆਪਣਾ ਅਗਲਾ ਮੁਕਾਬਲਾ ਤਿੰਨ ਮਾਰਚ ਤੋਂ ਹੈਦਰਾਬਾਦ ਦੇ ਖ਼ਿਲਾਫ਼ ਖੇਡਣਾ ਹੈ ਤੇ ਵਿਸ਼ਣੂ ਕੋਲ ਸੋਗ ਮਨਾਉਣ ਦਾ ਪੂਰਾ ਸਮਾਂ ਵੀ ਨਹੀਂ ਹੈ। ਉਹ ਅਜੇ ਇਹ ਸਮਝ ਵੀ ਨਹੀਂ ਸਕੇ ਹੋਣਗੇ ਕਿ ਦੋ ਹਫ਼ਤੇ ਦੇ ਅੰਦਰ ਬੱਚੇ ਤੇ ਪਿਤਾ ਨੂੰ ਗੁਆਉਣ ਦਾ ਗ਼ਮ ਕੀ ਹੁੰਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਵਿਸ਼ਣੂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ ਪਰ ਜਦੋਂ ਗੱਲ ਜਜ਼ਬੇ ਦੀ ਆਵੇਗੀ ਤਾਂ ਉਹ ਚੋਟੀ ਦੇ ਖਿਡਾਰੀਆਂ 'ਚ ਸ਼ਾਮਲ ਹੋਣਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।


author

Tarsem Singh

Content Editor

Related News