ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

Wednesday, Feb 16, 2022 - 02:20 PM (IST)

ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ 'ਚ ਖਿਡਾਰੀਆਂ ਦੀ ਕਰੋੜਾਂ 'ਚ ਬੋਲੀ ਲੱਗਦੇ ਦੇਖ 20 ਲੱਖ ਦਾ ਇਕਰਾਰਨਾਮਾ ਭਾਵੇਂ ਹੀ ਕੋਈ ਵੱਡੀ ਗੱਲ ਨਹੀਂ ਜਾਪਦੀ ਪਰ ਟੈਨਿਸ ਗੇਂਦ ਦੇ ਕ੍ਰਿਕਟ ਵਿਚ ਨਾਮ ਕਮਾਉਣ ਵਾਲੇ ਰਮੇਸ਼ ਕੁਮਾਰ ਨੇ ਇਸ ਰਕਮ ਨਾਲ ਯਕੀਨੀ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਹੁਣ ਰੋਟੀ ਕਮਾਉਣ ਲਈ ਮੋਚੀ ਦਾ ਕੰਮ ਨਹੀਂ ਕਰਨਾ ਪਵੇਗਾ ਅਤੇ ਨਾ ਹੀ ਉਨ੍ਹਾਂ ਦੀ ਮਾਂ ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਚੂੜੀਆਂ ਵੇਚਣ ਲਈ ਪਿੰਡ-ਪਿੰਡ ਜਾਣਾ ਪਵੇਗਾ।

ਟੈਨਿਸ ਗੇਂਦ ਦੇ ਕ੍ਰਿਕਟ 'ਚ 'ਨਾਰਾਇਣ ਜਲਾਲਾਬਾਦ' ਦੇ ਨਾਂ ਨਾਲ ਮਸ਼ਹੂਰ ਰਮੇਸ਼ ਗੇਂਦ ਅਤੇ ਬੱਲੇ ਨਾਲ ਆਪਣੀ ਖੇਡ ਤੋਂ ਪਹਿਲਾਂ ਹੀ ਯੂਟਿਊਬ 'ਤੇ ਸਟਾਰ ਹਨ। ਪਿਛਲੇ ਹਫ਼ਤੇ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਉਨ੍ਹਾਂ ਦੇ ਕਰਾਰ ਤੋਂ ਬਾਅਦ ਉਨ੍ਹਾਂ ਦੀ ਕਹਾਣੀ ਹੋਰ ਲੋਕਾਂ ਤੱਕ ਪਹੁੰਚੀ ਹੈ। ਰਮੇਸ਼ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਪਹਿਲਾਂ ਵੀ ਕਈ ਵਾਰ ਕੰਮ ਬੰਦ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਕਦੇ ਵੀ ਉਸ ਦੀ ਗੱਲ ਨਹੀਂ ਸੁਣੀ। ਹਾਲਾਂਕਿ ਆਈ.ਪੀ.ਐੱਲ. ਕਰਾਰ ਮਿਲਣ ਦੇ ਬਾਅਦ ਉਹ ਆਖ਼ਰਕਾਰ ਮੰਨ ਗਏ ਹਨ ਕਿ ਉਨ੍ਹਾਂ ਦੇ ਪੁੱਤਰ ਦਾ ਖੇਡ ਵਿਚ ਭਵਿੱਖ ਹੈ ਅਤੇ ਉਨ੍ਹਾਂ ਨੂੰ ਗਲੀ-ਗਲੀ ਭਟਕਣ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ: IPL ਨਿਲਾਮੀ 'ਚ 10.75 ਕਰੋੜ ਰੁਪਏ ਮਿਲਣ 'ਤੇ ਨਿਕੋਲਸ ਪੂਰਨ ਨੇ ਕੀਤੀ ਪੀਜ਼ਾ ਪਾਰਟੀ

ਸਥਾਨਕ ਟੂਰਨਾਮੈਂਟ ਵਿਚ ਇਕ ਵਾਰ 10 ਗੇਂਦਾਂ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਰਮੇਸ਼ ਨੇ ਪੀਟੀਆਈ ਨੂੰ ਦੱਸਿਆ, 'ਉਹ ਆਖ਼ਰਕਾਰ ਹੁਣ ਕੰਮ ਨਾ ਕਰਨ ਲਈ ਸਹਿਮਤ ਹੋ ਗਏ ਹਨ। ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਉਹ ਇਹ ਕੰਮ ਕਰਨ ਪਰ ਮਜ਼ਬੂਰੀ ਵਿਚ ਇਹ ਕੰਮ ਕਰਨਾ ਪਿਆ।' ਰਮੇਸ਼ ਆਈ.ਪੀ.ਐੱਲ. ਤੋਂ ਮਿਲਣ ਵਾਲੇ ਪੈਸਿਆਂ ਦੀ ਵਰਤੋਂ ਆਪਣੇ ਛੋਟੇ ਭਰਾਵਾਂ ਦੀ ਪੜ੍ਹਾਈ ਲਈ ਕਰਨਾ ਚਾਹੁੰਦੇ ਹਨ। ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਸਫ਼ਲ ਬੋਲੀ ਲਾਉਣ ਤੋਂ ਬਾਅਦ ਰਮੇਸ਼ ਦਾ ਫ਼ੋਨ ਲਗਾਤਾਰ ਵੱਜ ਰਿਹਾ ਹੈ ਪਰ ਉਨ੍ਹਾਂ ਦੇ ਪੈਰ ਜ਼ਮੀਨ ’ਤੇ ਹਨ।' 

ਉਨ੍ਹਾਂ ਕਿਹਾ, 'ਅਜੇ ਤੱਕ ਜ਼ਿੰਦਗੀ ਨਹੀਂ ਬਦਲੀ ਹੈ, ਜ਼ਿੰਦਗੀ ਉਦੋਂ ਬਦਲੇਗੀ ਜਦੋਂ ਮੈਂ ਆਈ.ਪੀ.ਐੱਲ. ਵਿਚ ਪ੍ਰਦਰਸ਼ਨ ਕਰਾਂਗਾ। ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ ਹਾਂ ਕਿ ਆਖ਼ਰਕਾਰ ਮੈਨੂੰ ਉਹ ਪਲੇਟਫਾਰਮ ਮਿਲ ਗਿਆ ਹੈ ਜਿਸ ਦੀ ਮੈਨੂੰ ਲੋੜ ਸੀ।' ਜਲਾਲਾਬਾਦ ਦੇ 23 ਸਾਲਾ ਰਮੇਸ਼ ਨੇ ਸੱਤ ਸਾਲਾਂ ਤੋਂ ਪੂਰੇ ਭਾਰਤ ਦੇ ਟੈਨਿਸ ਬਾਲ ਟੂਰਨਾਮੈਂਟ ਵਿਚ ਆਪਣਾ ਜ਼ੌਹਰ ਦਿਖਾਇਆ ਹੈ ਪਰ ਪਿਛਲੇ ਸਾਲ ਹੀ ਉਨ੍ਹਾਂ ਨੇ 'ਲੈਦਰ ਗੇਂਦ' ਨਾਲ ਖੇਡਣਾ ਸ਼ੁਰੂ ਕੀਤਾ। ਰਮੇਸ਼ ਨੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਪ੍ਰਭਾਵਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਣਜੀ ਟਰਾਫੀ ਕੈਂਪ ਲਈ ਬੁਲਾਇਆ ਗਿਆ।

ਇਹ ਵੀ ਪੜ੍ਹੋ: ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ

ਰਮੇਸ਼ ਹਾਲਾਂਕਿ ਆਪਣੇ ਕਰੀਅਰ ਦਾ ਸਿਹਰਾ ਪੰਜਾਬ ਦੇ ਬੱਲੇਬਾਜ਼ ਅਤੇ ਆਈ.ਪੀ.ਐੱਲ. ਵਿਚ ਨਿਯਮਿਤ ਰੂਪ ਨਾਲ ਖੇਡਣ ਵਾਲੇ ਗੁਰਕੀਰਤ ਮਾਨ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੰਬਈ ਵਿਚ ਨਾਈਟ ਰਾਈਡਰਜ਼ ਦੇ ਟਰਾਇਲ ਵਿਚ ਪਹੁੰਚਣ ਵਿਚ ਮਦਦ ਕੀਤੀ। ਨਾਈਟ ਰਾਈਡਰਜ਼ ਦੇ ਕੋਚ ਅਤੇ ਭਾਰਤ ਦੇ ਸਾਬਕਾ ਆਲਰਾਊਂਡਰ ਅਭਿਸ਼ੇਕ ਨਾਇਰ ਵੀ ਰਮੇਸ਼ ਤੋਂ ਪ੍ਰਭਾਵਿਤ ਹੋਏ, ਜਿਸ ਤੋਂ ਬਾਅਦ ਟੀਮ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਧਾਰ ਮੁੱਲ 'ਤੇ ਖਰੀਦਿਆ। ਰਮੇਸ਼ ਨੇ ਦੱਸਿਆ ਕਿ ਕਿਵੇਂ ਉਹ ਟੈਨਿਸ ਗੇਂਦ ਦੇ ਟੂਰਨਾਮੈਂਟ ਦਿਨ 500 ਤੋਂ 1000 ਰੁਪਏ ਕਮਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਸਨ ਅਤੇ ਇਸੇ ਕਾਰਨ ਉਨ੍ਹਾ ਨੂੰ ਪਹਿਲੀ ਵਾਰ ਜਹਾਜ਼ ਵਿਚ ਬੈਠਣ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ: ਮੁੰਬਈ ਇੰਡੀਅਨਜ਼ ਵੱਲੋਂ 8 ਕਰੋੜ 'ਚ ਖ਼ਰੀਦੇ ਗਏ ਜੋਫਰਾ ਆਰਚਰ ਦਾ ਪਹਿਲਾ ਬਿਆਨ ਆਇਆ ਸਾਹਮਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News