ਭਾਰਤ ਦੀ ਜਿੱਤ 'ਤੇ ਭੜਕੇ ਅਫਰੀਦੀ, ICC 'ਤੇ ਲਾਇਆ ਇਹ ਇਲਜ਼ਾਮ
Thursday, Nov 03, 2022 - 07:30 PM (IST)
ਸਪੋਰਟਸ ਡੈਸਕ— ਟੀ-20 ਵਿਸ਼ਵ ਕੱਪ 'ਚ ਬੁੱਧਵਾਰ ਨੂੰ ਭਾਰਤ ਨੇ ਬੇਹੱਦ ਰੋਮਾਂਚਕ ਮੈਚ 'ਚ ਬੰਗਲਾਦੇਸ਼ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 5 ਦੌੜਾਂ ਨਾਲ ਹਰਾ ਦਿੱਤਾ। ਹਾਲਾਂਕਿ ਮੈਚ ਤੋਂ ਬਾਅਦ ਬੰਗਲਾਦੇਸ਼ੀ ਹਾਰ ਪਚਾ ਨਹੀਂ ਸਕੇ, ਮੈਚ ਦੌਰਾਨ ਪਹਿਲਾਂ ਉਨ੍ਹਾਂ ਨੇ ਅੰਪਾਇਰ ਦੇ ਫੈਸਲੇ 'ਤੇ ਸਵਾਲ ਚੁੱਕੇ ਅਤੇ ਫਿਰ ਮੈਚ ਤੋਂ ਬਾਅਦ ਉਨ੍ਹਾਂ ਨੇ ਵਿਰਾਟ ਕੋਹਲੀ 'ਤੇ ਫਰਜ਼ੀ ਫੀਲਡਿੰਗ ਦਾ ਦੋਸ਼ ਲਗਾ ਕੇ ਵਿਵਾਦ ਖੜ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : IPL: ਪੰਜਾਬ ਕਿੰਗਜ਼ ਨੂੰ ਮਿਲਿਆ ਨਵਾਂ ਕਪਤਾਨ, ਇਹ ਭਾਰਤੀ ਧਾਕੜ ਹੁਣ ਸੰਭਾਲੇਗਾ ਕਮਾਨ
ਮੈਚ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਹੀ ਨਹੀਂ ਸੀ ਜੋ ਭੜਕੀ ਹੋਈ ਸੀ, ਸਗੋਂ ਪਾਕਿਸਤਾਨ ਦੇ ਇੱਕ ਸਾਬਕਾ ਖਿਡਾਰੀ ਨੂੰ ਵੀ ਭਾਰਤ ਦੀ ਜਿੱਤ ਨਹੀਂ ਪਚੀ ਅਤੇ ਵਿਵਾਦ ਨੂੰ ਦੇਖਦੇ ਹੋਏ ਗੁਆਂਢੀ ਦੇਸ਼ ਪਾਕਿਸਤਾਨ ਤੋਂ ਕੋਈ ਆਪਣਾ ਦਖ਼ਲ ਨਾ ਦੇਵੇ ਅਜਿਹਾ ਕਿਵੇਂ ਹੋ ਸਕਦਾ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਗੈਰ-ਜ਼ਿੰਮੇਵਾਰਾਨਾ ਟਿੱਪਣੀ ਕੀਤੀ ਅਤੇ ਮੈਚ ਵਿਵਾਦ ਨੂੰ ਭੜਕਾਉਣ ਲਈ ਆਈਸੀਸੀ 'ਤੇ ਦੋਸ਼ ਲਗਾਇਆ।
ਅਫਰੀਦੀ ਨੇ ਕਿਹਾ, "ਸ਼ਾਕਿਬ ਅਲ ਹਸਨ ਨੇ ਵੀ ਇਹੀ ਕਿਹਾ ਅਤੇ ਇਹ ਸਕ੍ਰੀਨ 'ਤੇ ਵੀ ਦਿਖਾਇਆ ਗਿਆ। ਤੁਸੀਂ ਦੇਖਿਆ ਕਿ ਮੈਦਾਨ ਕਿੰਨਾ ਗਿੱਲਾ ਸੀ, ਪਰ ਮੈਨੂੰ ਲੱਗਦਾ ਹੈ ਕਿ ਆਈਸੀਸੀ ਦਾ ਝੁਕਾਅ ਭਾਰਤ ਵੱਲ ਹੈ, ਇਸ ਲਈ ਉਨ੍ਹਾਂ ਨੇ ਮੈਚ ਦੁਬਾਰਾ ਸ਼ੁਰੂ ਕਰਵਾਇਆ।" . ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਭਾਰਤ ਕਿਸੇ ਵੀ ਕੀਮਤ 'ਤੇ ਸੈਮੀਫਾਈਨਲ 'ਚ ਪਹੁੰਚੇ ਅਤੇ ਅੰਪਾਇਰ ਵੀ ਉਹੀ ਸੀ ਜੋ ਭਾਰਤ ਬਨਾਮ ਪਾਕਿਸਤਾਨ ਮੈਚ 'ਚ ਮੌਜੂਦ ਸੀ। ਦੁਨੀਆ ਜਾਣਦੀ ਹੈ ਕਿ ਉਸ ਨੂੰ ਸਰਵੋਤਮ ਅੰਪਾਇਰ ਦਾ ਪੁਰਸਕਾਰ ਮਿਲੇਗਾ।''
ਦੱਸਣਯੋਗ ਹੈ ਕਿ ਮੈਚ ਦੌਰਾਨ ਕੁਝ ਘਟਨਾਵਾਂ ਨੇ ਵਿਵਾਦ ਪੈਦਾ ਕਰ ਦਿੱਤਾ ਸੀ। ਭਾਰਤ ਦੀ ਬੱਲੇਬਾਜ਼ੀ ਦੌਰਾਨ ਸਭ ਤੋਂ ਪਹਿਲਾਂ ਸ਼ਾਕਿਬ ਅਲ ਹਸਨ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਕਿਉਂਕਿ ਅੰਪਾਇਰ ਨੇ ਸਟ੍ਰਾਈਕ 'ਤੇ ਬੱਲੇਬਾਜ਼ ਦੀ ਅਪੀਲ ਕਰਨ ਤੋਂ ਬਾਅਦ ਗੇਂਦ ਨੂੰ ਨੋ-ਬਾਲ ਕਰਾਰ ਦਿੱਤਾ। ਫਿਰ ਬੰਗਲਾਦੇਸ਼ ਦੇ ਵਿਕਟਕੀਪਰ 'ਤੇ ਫਰਜ਼ੀ ਫੀਲਡਿੰਗ ਦਾ ਇਲਜ਼ਾਮ ਲਗਾਇਆ ਗਿਆ। ਇਸ ਤੋਂ ਇਲਾਵਾ ਸ਼ਾਕਿਬ ਨੇ ਮੈਚ ਤੋਂ ਬਾਅਦ ਇਹ ਵੀ ਕਿਹਾ ਕਿ ਮੈਦਾਨ ਮੀਂਹ ਤੋਂ ਕਾਫੀ ਗਿੱਲਾ ਸੀ। ਅਫਰੀਦੀ ਨੇ ਇਸ ਵਿਵਾਦ ਤੋਂ ਬਾਅਦ ਆਪਣੀ ਟਿੱਪਣੀ ਦਿੱਤੀ ਹੈ।
ਦੱਸ ਦਈਏ ਕਿ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਦੀ ਟੀਮ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਜਿਵੇਂ ਭਾਰਤ ਮੈਚ ਹਾਰ ਗਿਆ ਹੋਵੇ ਕਿਉਂਕਿ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ ਲਿਟਨ ਦਾਸ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ 7 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 66 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਅਤੇ ਬਾਰਿਸ਼ ਰੁਕਣ ਤੋਂ ਬਾਅਦ ਬੰਗਲਾਦੇਸ਼ ਨੂੰ ਸੋਧੇ ਹੋਏ ਟੀਚੇ ਦੇ ਕਾਰਨ 9 ਓਵਰਾਂ 'ਚ ਸਿਰਫ 84 ਦੌੜਾਂ ਦੀ ਲੋੜ ਸੀ। ਮੈਚ ਪੂਰੀ ਤਰ੍ਹਾਂ ਬੰਗਲਾਦੇਸ਼ ਦੇ ਹੱਕ ਵਿੱਚ ਰਿਹਾ, ਪਰ ਭਾਰਤ ਨੇ ਇਸੇ ਸਮੇਂ ਰੁਖ਼ ਪਲਟ ਦਿੱਤਾ ਤੇ ਮੈਚ ਜਿੱਤ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।