ਅਫਗਾਨਿਸਤਾਨ ਨੂੰ ਅਸੀਂ ਹਲਕੇ ''ਚ ਨਹੀਂ ਲੈ ਸਕਦੇ, ਉਨ੍ਹਾਂ ਕੋਲ ਕਈ ਸ਼ਾਨਦਾਰ ਗੇਂਦਬਾਜ਼ ਹਨ : ਗੌਤਮ ਗੰਭੀਰ
Wednesday, Nov 03, 2021 - 01:12 PM (IST)
ਸਪੋਰਟਸ ਡੈਸਕ- ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਭਾਰਤ ਤੇ ਅਫਗ਼ਾਨਿਸਤਾਨ ਦਰਮਿਆਨ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਇਸ ਮੈਚ ਨੂੰ ਬਿਲਕੁਲ ਵੀ ਹਲਕੇ 'ਚ ਨਹੀਂ ਲੈ ਸਕਦੇ ਕਿਉਂਕਿ ਅਫਗਾਨਿਸਤਾਨ ਦੀ ਗੇਂਦਬਾਜ਼ੀ ਕਈ ਟੀਮਾਂ ਦੇ ਮੁਕਾਬਲੇ ਕਾਫ਼ੀ ਸ਼ਾਨਦਾਰ ਹੈ। ਗੰਭੀਰ ਦੇ ਮੁਤਾਬਕ ਅਫਗਾਨਿਸਤਾਨ ਨੂੰ ਹਰਾਉਣਾ ਇੰਨਾ ਆਸਾਨ ਨਹੀਂ ਹੋਵੇਗਾ।
ਟੀ-20 ਵਰਲਡ ਕੱਪ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਹੀ ਹੈ। ਟੀਮ ਨੂੰ ਆਪਣੇ ਦੋਵੇਂ ਹੀ ਮੁਕਾਬਲਿਆਂ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ 'ਚ ਟੀਮ ਨੂੰ 10 ਵਿਕਟਾਂ ਨਾਲ ਤੇ ਦੂਜੇ ਮੁਕਾਬਲੇ 'ਚ 8 ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ। ਟੀਮ ਦਾ ਨਾ ਤਾਂ ਕੋਈ ਬੱਲੇਬਾਜ਼ ਤੇ ਨਾ ਹੀ ਕੋਈ ਗੇਂਦਬਾਜ਼ ਬਿਹਤਰੀਨ ਪ੍ਰਦਰਸ਼ਨ ਕਰ ਸਕਿਆ ਹੈ। ਇਨ੍ਹਾਂ ਦੋ ਹਾਰ ਦੇ ਬਾਅਦ ਭਾਰਤੀ ਟੀਮ ਦੇ ਸੈਮੀਫ਼ਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਵੀ ਲਗਭਗ ਖ਼ਤਮ ਹੋ ਗਈਆਂ ਹਨ।
ਭਾਰਤੀ ਟੀਮ ਨੂੰ ਹੁਣ ਆਪਣੇ ਤਿੰਨੇ ਮੁਕਾਬਲੇ ਜਿੱਤਣੇ ਹਨ ਤੇ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਫਗ਼ਾਨਿਸਤਾਨ ਟੀਮ ਦੀ ਹੈ। ਗੌਤਮ ਗੰਭੀਰ ਨੇ ਵੀ ਅਫਗ਼ਾਨਿਸਤਾਨ ਦੀ ਟੀਮ ਤੋਂ ਭਾਰਤ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਫਗ਼ਾਨਿਸਤਾਨ ਕੋਲ ਸ਼੍ਰੀਲੰਕਾ ਤੇ ਬੰਗਲਾਦੇਸ਼ ਤੋਂ ਵੀ ਬਿਹਤਰ ਗੇਂਦਬਾਜ਼ੀ ਅਟੈਕ ਹੈ।
ਅਫਗਾਨਿਸਤਾਨ ਨੇ ਅਜੇ ਤਕ ਟੀ-20 ਵਰਲਡ ਕੱਪ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ
ਅਫਗਾਨਿਸਤਾਨ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਅਜੇ ਤਕ ਟੀ-20 ਵਰਲਡ ਕੱਪ 'ਚ ਚੰਗਾ ਰਿਹਾ ਹੈ। ਟੀਮ ਨੇ ਤਿੰਨ ਮੁਕਾਬਲੇ ਖੇਡੇ ਹਨ ਜਿਸ 'ਚੋਂ ਦੋ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਸਕਾਟਲੈਂਡ ਤੇ ਨਾਮੀਬੀਆ ਨੂੰ ਸੌਖਿਆਂ ਹੀ ਹਰਾਇਆ ਤੇ ਪਾਕਿਸਤਾਨ ਦੇ ਖ਼ਿਲਾਫ਼ ਉਨ੍ਹਾਂ ਨੂੰ ਰੋਮਾਂਚਕ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਕੋਲ ਰਾਸ਼ਿਦ ਖ਼ਾਨ, ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ ਜਿਹੇ ਧਾਕੜ ਸਪਿਨਰ ਹਨ ਤੇ ਇਨ੍ਹਾਂ ਤੋਂ ਭਾਰਤੀ ਟੀਮ ਨੂੰ ਸਾਵਧਾਨ ਰਹਿਣਾ ਹੋਵੇਗਾ। ਪਾਕਿਸਤਾਨੀ ਟੀਮ ਨੂੰ ਅਫਗਾਨਿਸਤਾਨ ਨੇ ਸਖ਼ਤ ਟੱਕਰ ਦਿੱਤੀ ਸੀ ਤੇ ਇਸ ਸਮੇਂ ਉਹ ਬਿਹਤਰੀਨ ਲੈਅ 'ਚ ਲਗ ਰਹੇ ਹਨ।