ਰਾਸ਼ਿਦ ਖਾਨ ਦਾ ਆਲ ਰਾਊਂਡਰ ਪ੍ਰਦਰਸ਼ਨ, ਅਫਗਾਨਿਸਤਾਨ ਨੇ ਰੋਮਾਂਚਕ ਮੈਚ ''ਚ ਆਇਰਲੈਂਡ ਨੂੰ ਹਰਾਇਆ

Monday, Mar 18, 2024 - 03:10 PM (IST)

ਰਾਸ਼ਿਦ ਖਾਨ ਦਾ ਆਲ ਰਾਊਂਡਰ ਪ੍ਰਦਰਸ਼ਨ, ਅਫਗਾਨਿਸਤਾਨ ਨੇ ਰੋਮਾਂਚਕ ਮੈਚ ''ਚ ਆਇਰਲੈਂਡ ਨੂੰ ਹਰਾਇਆ

ਸ਼ਾਰਜਾਹ : ਅਫਗਾਨਿਸਤਾਨ ਨੇ ਮੁਹੰਮਦ ਨਬੀ ਦੇ 59 ਦੌੜਾਂ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਕਪਤਾਨ ਰਾਸ਼ਿਦ ਖਾਨ ਦੇ ਬੱਲੇ ਅਤੇ ਗੇਂਦ ਨਾਲ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਦੂਜੇ ਟੀ-20 ਮੈਚ 'ਚ ਆਇਰਲੈਂਡ ਨੂੰ 10 ਦੌੜਾਂ ਨਾਲ ਹਰਾ ਦਿੱਤਾ।

153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਸ਼ੁਰੂਆਤ ਠੀਕ ਰਹੀ ਅਤੇ ਐਂਡੀ ਬਲਬਰਨੀ ਅਤੇ ਪਾਲ ਸਟਰਲਿੰਗ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 49 ਦੌੜਾਂ ਜੋੜੀਆਂ। ਟੀਮ ਲਈ ਐਂਡੀ ਬਲਬੀਰਨੀ ਨੇ 44 ਗੇਂਦਾਂ ਵਿੱਚ 45 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਗੈਰੇਥ ਡੇਲਾਨੇ ਨੇ 18 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਕਪਤਾਨ ਪਾਲ ਸਟਰਲਿੰਗ ਨੇ 25 ਦੌੜਾਂ ਬਣਾਈਆਂ। ਲੋਕਰਨ ਟਕਰ 10 ਦੌੜਾਂ ਬਣਾ ਕੇ ਆਊਟ ਹੋ ਗਏ। ਕੈਥਰਸ ਕੈਂਪਰ 12ਵੇਂ ਓਵਰ ਵਿੱਚ ਛੇ ਦੌੜਾਂ ਬਣਾ ਕੇ ਆਊਟ ਹੋ ਗਏ।

ਆਇਰਲੈਂਡ ਦੀ ਟੀਮ ਨਿਰਧਾਰਤ 20 ਓਵਰਾਂ 'ਚ ਅੱਠ ਵਿਕਟਾਂ 'ਤੇ 142 ਦੌੜਾਂ ਹੀ ਬਣਾ ਸਕੀ ਅਤੇ 10 ਦੌੜਾਂ ਨਾਲ ਮੈਚ ਹਾਰ ਗਈ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਨੇ ਚਾਰ ਵਿਕਟਾਂ ਲਈਆਂ। ਨਾਂਗੇਆਲੀਆ ਖਰੋਟੇ ਨੇ ਦੋ ਵਿਕਟਾਂ ਹਾਸਲ ਕੀਤੀਆਂ। ਫਜ਼ਲਹਕ ਫਾਰੂਕੀ ਅਤੇ ਮੁਹੰਮਦ ਨਬੀ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੂਜੇ ਓਵਰ ਵਿੱਚ ਤਿੰਨ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਇਬਰਾਹਿਮ ਜ਼ਾਦਰਾਨ ਵੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਇਕ ਸਮੇਂ ਅਫਗਾਨਿਸਤਾਨ ਨੇ ਚਾਰ ਓਵਰਾਂ 'ਚ 14 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ।

ਇਸ ਤੋਂ ਬਾਅਦ ਮੁਹੰਮਦ ਨਬੀ ਨੇ ਸਦੀਕੁੱਲਾ ਅਟਲ ਦੇ ਨਾਲ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਪੰਜਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਹੋਈ। ਸਦੀਕਉੱਲ੍ਹਾ ਅਟਲ ਨੇ 32 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਉਥੇ ਹੀ ਮੁਹੰਮਦ ਨਬੀ ਨੇ 38 ਗੇਂਦਾਂ 'ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਵਿੱਚ ਕਪਤਾਨ ਰਾਸ਼ਿਦ ਖਾਨ ਨੇ ਅਹਿਮ ਯੋਗਦਾਨ ਪਾਇਆ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 12 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ।

ਅਫਗਾਨਿਸਤਾਨ ਨੇ 20 ਓਵਰਾਂ 'ਚ ਨੌਂ ਵਿਕਟਾਂ 'ਤੇ 152 ਦੌੜਾਂ ਬਣਾਈਆਂ। ਆਇਰਲੈਂਡ ਲਈ ਮਾਰਕ ਐਡੇਅਰ ਨੇ ਤਿੰਨ ਵਿਕਟਾਂ ਲਈਆਂ। ਜੋਸ਼ ਲਿਟਲ ਅਤੇ ਬੈਰੀ ਮੈਕਕਾਰਥੀ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਬੈਨ ਵ੍ਹਾਈਟ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਜਿੱਤ ਦੇ ਨਾਲ ਹੀ ਅਫਗਾਨਿਸਤਾਨ ਨੇ ਆਇਰਲੈਂਡ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਇਕ-ਇਕ ਨਾਲ ਬਰਾਬਰ ਕਰ ਲਈ ਹੈ।


author

Tarsem Singh

Content Editor

Related News