ਅਡਵਾਨੀ ਤੇ ਮੇਹਤਾ ਬਣੇ ਖਿਡਾਰੀ ਸੰਘ ਦੇ ਉਪ ਮੁਖੀ
Sunday, Feb 21, 2021 - 09:28 PM (IST)

ਨਵੀਂ ਦਿੱਲੀ– ਕਈ ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਤੇ ਆਦਿੱਤਿਆ ਮੇਹਤਾ ਨੂੰ ਭਾਰਤੀ ਬਿਲੀਅਰਡਸ ਤੇ ਸਨੂਕਰ ਸੰਘ (ਬੀ. ਐੱਸ. ਪੀ. ਏ. ਆਈ.) ਦਾ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਬੀ. ਐੱਸ. ਪੀ. ਏ. ਆਈ. ਨੂੰ ਲਗਭਗ 15 ਸਾਲ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਕਿਊ ਖਿਡਾਰੀਆਂ ਨੇ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਸੀ, ਜਿਸ ਵਿਚ ਸਾਬਕਾ ਮੁਖੀ ਤੇ ਸਨੂਕਰ ਚੈਂਪੀਅਨ ਯਾਸਿਨ ਮਰਚੈਂਟ ਨੇ ਮੁੱਖ ਅਹੁਦੇ ਦੀ ਜ਼ਿੰਮੇਵਾਰੀ ਚਿਰਾਗ ਰਾਮਾਕ੍ਰਿਸ਼ਣਨ ਨੂੰ ਸੌਂਪੀ। ਮੁੰਬਈ ਦਾ ਵਪਾਰੀ ਰਾਮਾਕ੍ਰਿਸ਼ਣਨ 2019 ਵਿਸ਼ਵ ਮਾਸਟਰ ਸਨੂਕਰ ਟੂਰਨਾਮੈਂਟ ਦਾ ਕਾਂਸੀ ਤਮਗਾ ਜੇਤੂ ਹੈ। ਮੀਟਿੰਗ ਦੌਰਾਨ ਰਾਮਾਕ੍ਰਿਸ਼ਣਨ ਨੇ ਆਪਣੀ ਟੀਮ ਵਿਚ ਚਾਰ ਉਪ ਮੁਖੀਆਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚ ਦੋ ਵਾਰ ਦੇ ਏਸ਼ੀਆਈ ਚੈਂਪੀਅਨ ਯਾਸਿਨ, 23 ਵਾਰ ਦੇ ਵਿਸ਼ਵ ਚੈਂਪੀਅਨ ਅਡਵਾਨੀ, ਸਾਬਕਾ ਏਸ਼ੀਆਈ ਚੈਂਪੀਅਨ ਆਲੋਕ ਕੁਮਾਰ ਤੇ ਵਿਸ਼ਵ ਖੇਡਾਂ ਦੇ ਸੋਨ ਤਮਗਾ ਜੇਤੂ ਤੇ ਵਿਸ਼ਵ ਟੀਮ ਚੈਂਪੀਅਨ ਆਦਿੱਤਿਆ ਮੇਹਤਾ ਸ਼ਾਮਲ ਹਨ। ਇਸ ਸੰਸਥਾ ਦੀ ਸ਼ੁਰੂਆਤ 1992 ਵਿਚ ਹੋਈ ਸੀ।
ਇਹ ਸੰਸਥਾ 2007 ਤਕ ਸੰਚਾਲਿਤ ਹੋ ਰਹੀ ਸੀ ਤੇ ਹੁਣ 14 ਸਾਲ ਤੋਂ ਵੱਧ ਸਮੇਂ ਬਾਅਦ ਖਿਡਾਰੀ ਇਕ ਵਾਰ ਫਿਰ ਇਕਜੁੱਟ ਹਨ ਤੇ ਆਪਣੀ ਖੇਡ ਵਿਚ ਵੱਡੇ ਸੁਧਾਰਵਾਦੀ ਕਦਮਾਂ ਲਈ ਅਖਿਲ ਭਾਰਤੀ ਸਨੂਕਰ ਤੇ ਬਿਲਿਡੀਅਰਸ ਮਹਾਸੰਘ ਤੇ ਹੋਰ ਸ਼ੇਅਰਹੋਲਡਰਾਂ ਦੇ ਨਾਲ ਕੰਮ ਕਰਨ ਦਾ ਵਿਜ਼ਨ ਤਿਆਰ ਕੀਤਾ ਹੈ। ਗੁਜਰਾਤ ਬਿਲੀਅਰਡਸ ਤੇ ਸਨੂਕਰ ਸੰਘ ਦੇ ਮੁਖੀ ਅਭਿਸ਼ੇਕ ਸ਼ਾਹ ਬੀ. ਐੱਸ. ਪੀ. ਏ. ਆਈ. ਦੇ ਮਾਨਦ ਸਕੱਤਰ ਜਦਕਿ ਕਿਊ ਸਪੋਰਟਸ ਇੰਡੀਆ ਦੇ ਸੰਸਥਾਪਕ ਵਿਵੇਕ ਪਾਠਕ ਖਜ਼ਾਨਚੀ ਹੋਣਗੇ। ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਬ੍ਰਿਜੇਸ਼ ਦਮਾਨੀ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।