ਅਭਿਸ਼ੇਕ ਨੇ ਪੈਰਿਸ ਵਰਲਡ ਕੱਪ ’ਚ ਜਿੱਤਿਆ ਸੋਨ ਤਮਗ਼ਾ
Saturday, Jun 26, 2021 - 08:27 PM (IST)

ਪੈਰਿਸ— ਭਾਰਤ ਦੇ ਅਭਿਸ਼ੇਕ ਵਰਮਾ ਨੇ ਅਮਰੀਕਾ ਦੇ ਕ੍ਰਿਸ਼ ਸਕਾਫ਼ ਨੂੰ ਸ਼ਨੀਵਾਰ ਨੂੰ ਟਾਈ ਬ੍ਰੇਕ ’ਚ ਹਰਾ ਕੇ ਪੈਰਿਸ ਤੀਰਅੰਦਾਜ਼ੀ ਵਰਲਡ ਕੱਪ ’ਚ ਪੁਰਸ਼ ਕੰਪਾਊਂਡ ਵਰਗ ਦਾ ਸੋਨ ਤਮਗ਼ਾ ਜਿੱਤ ਲਿਆ। ਅਭਿਸ਼ੇਕ ਤੇ ਸਕਾਫ਼ ਦੋਵਾਂ ਦਾ ਨਿਰਧਾਰਤ ਸਮੇਂ ’ਚ ਸਕੋਰ 148-148 ਨਾਲ ਬਰਾਬਰ ਰਿਹਾ ਜਿਸ ਤੋਂ ਬਾਅਦ ਟਾਈ ਬ੍ਰੇਕ ਦਾ ਸਹਾਰਾ ਲਿਆ ਗਿਆ ਜਿਸ ’ਚ ਅਭਿਸ਼ੇਕ ਨੇ 10 ’ਤੇ ਨਿਸ਼ਾਨਾ ਵਿੰਨ੍ਹ ਕੇ ਸੋਨ ਤਮਗ਼ਾ ਆਪਣੇ ਨਾਂ ਕਰ ਲਿਆ।
ਦੂਜੇ ਪਾਸੇ ਅਮਰੀਕੀ ਤੀਰਅੰਦਾਜ਼ 9 ’ਤੇ ਹੀ ਨਿਸ਼ਾਨਾ ਲਗਾ ਸਕਿਆ ਤੇ ਉਸ ਨੂੰ ਹਾਰ ਕੇ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਅਭਿਸ਼ੇਕ ਨੇ ਇਸ ਤੋਂ ਪਹਿਲਾਂ ਸੈਮੀਫ਼ਾਈਨਲ ’ਚ ਰੂਸ ਦੇ ਏਂਟੋਨ ਬੁਲੇਵ ਨੂੰ 146-138 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ ਸੀ ਜਦਕਿ ਸਕਾਫ਼ ਨੇ ਭਾਰਤ ਦੇ ਅਮਨ ਸੈਨੀ ਨੂੰ ਨਜ਼ਦੀਕੀ ਮੁਕਾਬਲੇ ’ਚ 150-149 ਤੋਂ ਹਰਾ ਕੇ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ।