ਡਿਵੀਲੀਅਰਸ ਨੇ ਲਿਆ ਵੱਡਾ ਫੈਸਲਾ, 11 ਸਾਲ ਬਾਅਦ ਇਸ ਦੇਸ਼ ''ਚ ਖੇਡਣਗੇ ਕ੍ਰਿਕਟ
Tuesday, Jan 15, 2019 - 11:59 AM (IST)

ਸਪੋਰਟਸ ਡੈਸਕ : ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਦੱਖਣੀ ਅਫਰੀਕਾ ਦੇ ਚਮਤਕਾਰੀ ਬੱਲੇਬਾਜ਼ ਅਬ੍ਰਾਹਮ ਡਿਵੀਲੀਅਰਸ 11 ਸਾਲ ਬਾਅਦ ਫਿਰ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਡਿਵੀਲੀਅਰਸ ਨੇ ਪਾਕਿਸਤਾਨ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀ. ਐੱਸ. ਐੱਲ. ਦੇ ਆਗਾਮੀ ਸੀਜ਼ਨ ਵਿਚ ਉਹ ਲਾਹੌਰ ਕਲੰਦਰਸ ਵਲੋਂ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਖੇਡਣਗੇ।
ਕਲੰਦਰਸ ਨੇ ਡਿਵੀਲੀਅਰਸ ਨੂੰ ਬੀਤੇ ਸਾਲ ਨਵੰਬਰ ਵਿਚ ਡਰਾਫਟ 'ਚ ਖਰੀਦਿਆ ਸੀ ਪਰ ਏ. ਬੀ. ਦਾ ਕਰਾਰ ਫ੍ਰੈਂਚਾਈਜ਼ੀ ਦੇ 7 ਲੀਗ ਮੈਚਾਂ ਤੱਕ ਦਾ ਸੀ ਜੋ ਯੂ. ਏ. ਈ. ਵਿਚ ਖੇਡੇ ਜਾਣੇ ਸੀ। ਹੁਣ ਡਿਵੀਲੀਅਰਸ ਨੇ ਕਿਹਾ ਕਿ ਉਹ ਬਾਕੀ ਦੇ 2 ਮੈਚ ਜੋ ਲਾਹੌਰ ਵਿਚ ਹੋਣੇ ਹਨ ਉਨ੍ਹਾਂ ਲਈ ਹਾਜ਼ਰ ਰਹਿਣਗੇ। ਡਿਵੀਲੀਅਰਸ ਨੇ ਕਿਹਾ, ''ਇਸ ਗੱਲ ਨੂੰ ਦੱਸਦਿਆਂ ਮੈਂ ਖੁਸ਼ ਹਾਂ ਕਿ 9 ਅਤੇ 10 ਮਾਰਚ ਨੂੰ ਲਾਹੌਰ ਕਲੰਦਰਸ ਦੇ ਘਰੇਲੂ ਮੈਚਾਂ ਵਿਚ ਹਾਜ਼ਰ ਰਹਾਂਗਾ। ਮੈਂ ਕਿ ਵਾਰ ਫਿਰ ਗਦਾਫੀ ਸਟੇਡੀਅਮ ਵਿਚ ਖੇਡਣ ਅਤੇ ਲਾਹੌਰ ਕਲੰਦਰਸ ਨੂੰ ਖਿਤਾਬ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।''
ਡਿਵੀਲੀਅਰਸ ਆਖਰੀ ਵਾਰ 2007 ਵਿਚ ਪਾਕਿਸਤਾਨ ਗਏ ਸੀ। ਦੱਖਣੀ ਅਫਰੀਕਾ ਦੇ ਪਾਕਿਸਤਾਨ ਦੌਰੇ ਦੌਰਾਨ ਏ. ਬੀ. ਟੀਮ ਦਾ ਹਿੱਸਾ ਸਨ। ਸਾਲ 2009 ਵਿਚ ਪਾਕਿਸਤਾਨ ਦੌਰੇ 'ਤੇ ਸ਼੍ਰੀਲੰਕਾ ਦੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਸਾਰੀਆਂ ਵੱਡੀਆਂ ਟੀਮਾਂ ਪਾਕਿਸਤਾਨ ਵਿਚ ਸੀਰੀਜ਼ ਖੇਡਣ ਤੋਂ ਪਰਹੇਜ਼ ਕਰਦੀਆਂ ਹਨ। ਦੱਖਣੀ ਅਫਰੀਕਾ ਲਈ 34 ਸਾਲਾ ਡਿਵੀਲੀਅਰਸ ਨੇ 114 ਟੈਸਟ , 228 ਵਨਡੇ ਅਤੇ 78 ਟੀ-20 ਮੈਚ ਖੇਡੇ ਸੀ। ਏ. ਬੀ. ਨੇ ਕੁਝ ਮਹੀਨੇ ਪਹਿਲਾਂ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।