ਖੇਡ ਦੀ ਦੁਨੀਆ 'ਚ ਮੱਲਾਂ ਮਾਰਨ ਵਾਲਾ ਧਾਕੜ ਖਿਡਾਰੀ ਬਣੇਗਾ ਅਫਸਰ, ਅੱਜ ਸੌਂਪਿਆ ਜਾਵੇਗਾ ਨਿਯੁਕਤੀ ਪੱਤਰ
Tuesday, Mar 24, 2026 - 02:29 PM (IST)
ਲਖਨਊ : ਕ੍ਰਿਕਟ ਦੇ ਮੈਦਾਨ ’ਤੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਉਣ ਵਾਲੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਹੁਣ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉੱਤਰ ਪ੍ਰਦੇਸ਼ ਸਰਕਾਰ ਰਿੰਕੂ ਸਿੰਘ ਨੂੰ ਸਰਕਾਰੀ ਨੌਕਰੀ ਦਾ ਤੋਹਫ਼ਾ ਦੇਣ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਲਖਨਊ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਰੀਜਨਲ ਸਪੋਰਟਸ ਅਫ਼ਸਰ (RSO) ਵਜੋਂ ਨਿਯੁਕਤੀ ਪੱਤਰ ਸੌਂਪਣਗੇ।
14 ਖਿਡਾਰੀਆਂ ਨੂੰ ਮਿਲੇਗੀ ਪ੍ਰਸ਼ਾਸਨਿਕ ਜ਼ਿੰਮੇਵਾਰੀ
ਸਿਰਫ਼ ਰਿੰਕੂ ਸਿੰਘ ਹੀ ਨਹੀਂ, ਸਗੋਂ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਕੁੱਲ 14 ਖਿਡਾਰੀਆਂ ਨੂੰ ਅੱਜ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਇਨ੍ਹਾਂ ਵਿੱਚ ਕ੍ਰਿਕਟ, ਹਾਕੀ, ਐਥਲੈਟਿਕਸ ਅਤੇ ਪੈਰਾਲੰਪਿਕ ਵਰਗੀਆਂ ਖੇਡਾਂ ਨਾਲ ਜੁੜੇ ਨਾਮੀ ਖਿਡਾਰੀ ਸ਼ਾਮਲ ਹਨ। ਇਸ ਕਦਮ ਨਾਲ ਖਿਡਾਰੀ ਹੁਣ ਖੇਡ ਦੇ ਵਿਕਾਸ ਵਿੱਚ ਪ੍ਰਸ਼ਾਸਨਿਕ ਪੱਧਰ 'ਤੇ ਆਪਣਾ ਯੋਗਦਾਨ ਪਾ ਸਕਣਗੇ।

ਅਲੀਗੜ੍ਹ ਦੀਆਂ ਗਲੀਆਂ ਤੋਂ ਅਫ਼ਸਰ ਬਣਨ ਤੱਕ ਦਾ ਸਫ਼ਰ
ਰਿੰਕੂ ਸਿੰਘ ਦੀ ਕਹਾਣੀ ਬੇਹੱਦ ਪ੍ਰੇਰਨਾਦਾਇਕ ਹੈ। ਅਲੀਗੜ੍ਹ ਦੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਨਿਕਲ ਕੇ ਅੰਤਰਰਾਸ਼ਟਰੀ ਕ੍ਰਿਕਟ ਤੱਕ ਪਹੁੰਚਣ ਵਾਲੇ ਰਿੰਕੂ ਨੇ ਆਈ.ਪੀ.ਐੱਲ. (IPL) ਅਤੇ ਭਾਰਤੀ ਟੀਮ ਲਈ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ।
ਨਿੱਜੀ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ:
ਪਿਤਾ ਦਾ ਸਾਇਆ ਉੱਠਿਆ : ਹਾਲ ਹੀ ਵਿੱਚ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿੱਚ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਖੇਡ ਪ੍ਰਤੀ ਆਪਣੀ ਵਚਨਬੱਧਤਾ ਕਾਇਮ ਰੱਖੀ, ਜਿਸ ਦੀ ਪ੍ਰਸ਼ੰਸਕਾਂ ਨੇ ਕਾਫੀ ਸ਼ਲਾਘਾ ਕੀਤੀ।
ਸਿਆਸੀ ਪਰਿਵਾਰ ਨਾਲ ਜੁੜਿਆ ਰਿਸ਼ਤਾ : ਰਿੰਕੂ ਸਿੰਘ ਦੀ ਨਿੱਜੀ ਜ਼ਿੰਦਗੀ ਵੀ ਚਰਚਾ ਵਿੱਚ ਹੈ। ਉਨ੍ਹਾਂ ਦੀ ਮੰਗਣੀ ਸਮਾਜਵਾਦੀ ਪਾਰਟੀ ਦੀ ਸਾਂਸਦ ਪ੍ਰਿਆ ਸਰੋਜ ਨਾਲ ਹੋ ਚੁੱਕੀ ਹੈ। ਇਸ ਸਮਾਗਮ ਵਿੱਚ ਅਖਿਲੇਸ਼ ਯਾਦਵ ਸਮੇਤ ਕਈ ਵੱਡੇ ਸਿਆਸੀ ਚਿਹਰੇ ਸ਼ਾਮਲ ਹੋਏ ਸਨ। ਹੁਣ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਹੁਣ ਰਿੰਕੂ ਸਿੰਘ ਮੈਦਾਨ 'ਤੇ ਛੱਕੇ ਛਡਾਉਣ ਦੇ ਨਾਲ-ਨਾਲ ਦਫ਼ਤਰ ਵਿੱਚ ਬੈਠ ਕੇ ਖੇਡ ਨੀਤੀਆਂ ਅਤੇ ਖਿਡਾਰੀਆਂ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਸੰਭਾਲਣਗੇ।
